#AMERICA

ਟਰੰਪ ਵੱਲੋਂ ਆਪਣੀ ‘ਟੈਰਿਫ਼’ ਨੀਤੀ ਦਾ ਬਚਾਅ

-ਟੈਰਿਫ ਨੀਤੀ ਦੀ ਆਲੋਚਨਾ ਕਰਨ ਵਾਲਿਆਂ ਨੂੰ ‘ਮੂਰਖ’ ਕਰਾਰ ਦਿੱਤਾ
ਵਾਸ਼ਿੰਗਟਨ, 10 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁਥ ਸੋਸ਼ਲ ਪਲੇਟਫਾਰਮ ‘ਤੇ ਇਕ ਪੋਸਟ ਸਾਂਝੀ ਕਰ ਕੇ ਆਪਣੀਆਂ ਸਖ਼ਤ ਟੈਰਿਫ ਨੀਤੀਆਂ ਦਾ ਬਚਾਅ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ‘ਮੂਰਖ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਟੈਰਿਫਾਂ ਨੇ ਅਮਰੀਕਾ ਨੂੰ ਵਿਸ਼ਵ ਪੱਧਰੀ ਮੰਚ ‘ਤੇ ‘ਸਭ ਤੋਂ ਅਮੀਰ ਅਤੇ ਸਭ ਤੋਂ ਵੱਕਾਰੀ’ ਦੇਸ਼ ਬਣਾ ਦਿੱਤਾ ਹੈ।
ਆਪਣੀ ਪੋਸਟ ‘ਚ ਟਰੰਪ ਨੇ ਲਿਖਿਆ ਕਿ ਟੈਰਿਫ ਵਿਰੋਧੀਆਂ ਨੂੰ ਮੂਰਖ ਹੀ ਸਮਝਿਆ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸ਼ਾਸਨਕਾਲ ‘ਚ ਅਮਰੀਕਾ ‘ਦੁਨੀਆਂ ਦਾ ਸਭ ਤੋਂ ਅਮੀਰ ਅਤੇ ਸਨਮਾਨਿਤ ਰਾਸ਼ਟਰ’ ਬਣ ਚੁੱਕਾ ਹੈ, ਜਿੱਥੇ ਮਹਿੰਗਾਈ ਲਗਭਗ ਨਾਂਹ ਦੇ ਬਰਾਬਰ ਹੈ ਅਤੇ ਸ਼ੇਅਰ ਬਾਜ਼ਾਰ ਰਿਕਾਰਡ ਉੱਚਾਈ ‘ਤੇ ਪਹੁੰਚ ਗਿਆ ਹੈ।
ਟਰੰਪ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਟੈਰਿਫ ਰਣਨੀਤੀ ਨੇ ਅਮਰੀਕਾ ਨੂੰ ‘ਖਰਬਾਂ ਡਾਲਰਾਂ’ ਦਾ ਮਾਲੀਆ ਦਿਵਾਇਆ ਹੈ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਹੈ। ਇਸ ਦੌਰਾਨ ਟਰੰਪ ਇਹ ਵੀ ਵਰਣਨ ਕੀਤਾ ਕਿ ਦੇਸ਼ ਵਿਚ ਇਤਿਹਾਸਕ ਪੱਧਰ ‘ਤੇ ਨਿਵੇਸ਼ ਹੋ ਰਿਹਾ ਹੈ ਹਰ ਪਾਸੇ ਪਲਾਂਟ ਲੱਗ ਰਹੇ ਅਤੇ ਫੈਕਟਰੀਆਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰ ਵਿਅਕਤੀ ਨੂੰ ਘੱਟੋ-ਘੱਟ 2,000 ਡਾਲਰ ਦਾ ਲਾਭਅੰਸ਼ (ਉੱਚ ਆਮਦਨ ਵਾਲਿਆਂ ਨੂੰ ਛੱਡ ਕੇ) ਮਿਲੇਗਾ।