#AMERICA

ਟਰੰਪ ਵੱਲੋਂ ਅਮਰੀਕਾ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ Green Card ਦੇਣ ਦਾ ਵਾਅਦਾ

ਵਾਸ਼ਿੰਗਟਨ, 24 ਜੂਨ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਵਾਅਦਾ ਕੀਤਾ ਹੈ। ਇਕ ਪਾਡਕਾਸਟ ‘ਚ ਟਰੰਪ ਨੇ ਕਿਹਾ ਕਿ ਇਸ ਕਦਮ ਨਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਅਮਰੀਕਾ ‘ਚ ਰਹਿ ਸਕਣਗੇ। ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਵਾਅਦਾ ਕਰਦੇ ਹਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੀ, ਤਾਂ ਉਹ ਟੇਕ ਕੰਪਨੀਆਂ ਨੂੰ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਤਿਭਾਸ਼ਾਲੀ ਲੋਕਾਂ ਦੀ ਹਾਇਰਿੰਗ ‘ਚ ਮਦਦ ਕਰਨਗੇ। ਇਸ ‘ਤੇ ਟਰੰਪ ਨੇ ਕਿਹਾ, ”ਮੈਂ ਅਜਿਹਾ ਕਰਨਾ ਚਾਹੁੰਦਾ ਹਾਂ ਅਤੇ ਮੈਂ ਅਜਿਹਾ ਕਰਾਂਗਾ ਵੀ। ਮੈਨੂੰ ਲੱਗਦਾ ਹੈ ਕਿ ਅਮਰੀਕੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਗ੍ਰੀਨ ਕਾਰਡ ਦੇ ਦਿੱਤਾ ਜਾਣਾ ਚਾਹੀਦਾ। ਇਸ ਨਾਲ ਉਹ ਅਮਰੀਕਾ ‘ਚ ਰਹਿ ਸਕਣਗੇ ਅਤੇ ਇੱਥੇ ਦੇ ਵਿਕਾਸ ‘ਚ ਮਦਦ ਕਰ ਸਕਣਗੇ।”
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਹਾਈ ਸਕਿੱਲਡ ਵਿਦਿਆਰਥੀਆਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੀਆਂ ਯੋਜਨਾਵਾਂ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ। ਟਰੰਪ ਨੇ ਕਿਹਾ ਕਿ ਉਹ ਕਈ ਲੋਕਾਂ ਨੂੰ ਜਾਣਦੇ ਹਨ, ਜਿਨ੍ਹਾਂ ਨੇ ਅਮਰੀਕਾ ਤੋਂ ਗ੍ਰੈਜੂਏਸ਼ਨ ਕੀਤੀ ਪਰ ਗ੍ਰੀਨ ਕਾਰਡ ਨਾ ਹੋਣ ਕਾਰਨ ਉਹ ਇੱਥੇ ਨਹੀਂ ਰੁੱਕ ਸਕੇ। ਫਿਰ ਉਹ ਆਪਣੇ ਦੇਸ਼ ਚਲੇ ਗਏ ਅਤੇ ਉੱਥੇ ਜਾ ਕੇ ਅਰਬਪਤੀ ਬਣ ਗਏ। ਸਾਲ 2023 ਦੇ ਅੰਕੜਿਆਂ ਅਨੁਸਾਰ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ। ਜੇਕਰ ਟਰੰਪ ਆਪਣੀ ਗੱਲ ‘ਤੇ ਕਾਇਮ ਰਹਿੰਦੇ ਹਨ, ਤਾਂ ਇਨ੍ਹਾਂ ‘ਚੋਂ ਕਈ ਵਿਦਿਆਰਥੀ ਆਸਾਨੀ ਨਾਲ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰ ਸਕਣਗੇ।