ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਗੁਪਤ ਦਸਤਾਵੇਜ਼ਾਂ, ਜਿਨ੍ਹਾਂ ਨੂੰ ਉਹ 2021 ਵਿਚ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਵਿਚਲਾ ਆਪਣਾ ਦਫਤਰ ਛੱਡਣ ਸਮੇ ਆਪਣੇ ਨਾਲ ਲੈ ਗਏ ਸਨ, ਸੰਬੰਧੀ ਚੱਲ ਰਹੇ ਮਾਮਲੇ ਦੀ ਸੁਣਵਾਈ ਜੱਜ ਨੇ ਅਣਮਿੱਥੇ ਸਮੇ ਲਈ ਅੱਗੇ ਪਾ ਦਿੱਤੀ ਹੈ। ਜੱਜ ਆਈੇਲੀਨ ਕੈਨਨ ਨੇ ਮਾਮਲੇ ਦੀ ਸੁਣਵਾਈ ਅੱਗੇ ਪਾਉਂਦਿਆਂ ਕਿਹਾ ਕਿ ਗੁਪਤ ਦਸਤਾਵੇਜ਼ਾਂ ਸੰਬੰਧੀ ਸਬੂਤਾਂ ਨੂੰ ਲੈ ਕੇ ਅਹਿਮ ਮੁੱਦਿਆਂ ਦਾ ਨਿਪਟਾਰਾ ਹੋਣਾ ਬਾਕੀ ਹੈ। ਜੱਜ ਨੇ ਕਿਹਾ ਕਿ ਇਸ ਉੱਚ ਪੱਧਰ ਦੇ ਮਾਮਲੇ ਦੀ ਬਕਾਇਦਾ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਬੂਤਾਂ ਨਾਲ ਸੰਬੰਧਿਤ ਮੁੱਦਿਆਂ ‘ਤੇ ਕਲਾਸੀਫਾਈਡ ਇਨਫਰਮੇਸ਼ਨ ਪ੍ਰੋਸੀਜ਼ਰ ਐਕਟ ਸਬੰੰਧੀ ਨਿਰਣਾ ਲੈਣ ਦੀ ਲੋੜ ਹੈ। ਜੱਜ ਨੇ ਕਿਹਾ ਕਿ ਮਾਮਲਾ ਜਿਊਰੀ ਦੇ ਹਵਾਲੇ ਕਰਨ ਤੋਂ ਪਹਿਲਾਂ ਇਸ ਸੰਬੰਧੀ ਕੰਮ ਮੁਕੰਮਲ ਕੀਤਾ ਜਾਵੇਗਾ। ਆਪਣੇ ਆਦੇਸ਼ ਵਿਚ ਜੱਜ ਨੇ ਸੁਣਵਾਈ ਲਈ ਤੈਅ ਤਰੀਕ 20 ਮਈ ਨੂੰ ਰੱਦ ਕਰ ਦਿੱਤਾ ਹੈ ਤੇ ਅਜੇ ਨਵੀਂ ਤਰੀਕ ਨਹੀਂ ਮਿੱਥੀ ਹੈ। ਸਾਬਕਾ ਰਾਸ਼ਟਰਪਤੀ ਨੂੰ ਸੈਂਕੜੇ ਗੁਪਤ ਦਸਤਾਵੇਜ਼ਾਂ ਸੰਬੰਧੀ ਵੱਖ-ਵੱਖ 40 ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਦਸਤਾਵੇਜ਼ ਉਹ ਨਵੰਬਰ 2021 ਵਿਚ ਆਪਣਾ ਕਾਰਜਕਾਲ ਪੂਰਾ ਹੋਣ ‘ਤੇ ਵ੍ਹਾਈਟ ਹਾਊਸ ਤੋਂ ਆਪਣੀ ਮਾਰ-ਏ-ਲਾਗੋ ਸਥਿਤ ਨਿੱਜੀ ਰਿਹਾਇਸ਼ ਤੇ ਫਲੋਰਿਡਾ ਸਥਿਤ ਆਪਣੀ ਕਲੱਬ ਵਿਚ ਲੈ ਗਏ ਸਨ, ਜਦਕਿ ਉਹ ਅਜਿਹਾ ਨਹੀਂ ਕਰ ਸਕਦੇ ਸਨ। ਟਰੰਪ ਉਪਰ ਇਹ ਵੀ ਦੋਸ਼ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਸਰਕਾਰ ਵੱਲੋਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਉਸ ਨੇ ਅੜਿੱਕਾ ਪਾਉਣ ਦੀ ਸਾਜ਼ਿਸ਼ ਰਚੀ। ਟਰੰਪ ਕਹਿ ਚੁੱਕੇ ਹਨ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਸੋਚ-ਸਮਝ ਕੇ ਫਸਾਇਆ ਜਾ ਰਿਹਾ ਹੈ।