#AMERICA

ਟਰੰਪ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਖ਼ਤਰਾ : ਕਮਲਾ ਹੈਰਿਸ

ਵਾਸ਼ਿੰਗਟਨ, 20 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ‘ਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੌਜੂਦਾ ਅਮਰੀਕੀ ਰਾਸਟਰਪਤੀ ਜੋਅ ਬਾਇਡਨ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ, ਤਾਂ ਅਮਰੀਕਾ ਦੀ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਡੋਨਾਲਡ ਟਰੰਪ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਚੋਣ ਵਿਚ ਰਾਸ਼ਟਰਪਤੀ ਬਾਇਡਨ ਅਤੇ ਮੈਂ ਇੱਕ ਵਾਰ ਫਿਰ ਲੋਕਾਂ ਦੇ ਵੋਟਿੰਗ ਅਧਿਕਾਰਾਂ ਦੀ ਰੱਖਿਆ ਕਰਾਂਗੇ ਅਤੇ ਅਮਰੀਕਾ ਵਿਚ ਵਿਆਪਕ ਹੋ ਰਹੇ ਬੰਦੂਕ ਸੱਭਿਆਚਾਰ ਕਾਰਨ ਹੋਈ ਹਿੰਸਾ ਬਾਰੇ ਵੀ ਗੱਲ ਕਰਾਂਗੇ। ਕਮਲਾ ਹੈਰਿਸ ਦਾ ਇਹ ਬਿਆਨ ਡੋਨਾਲਡ ਟਰੰਪ ਦੇ ਵਿਵਾਦਤ ਬਿਆਨ ਤੋਂ ਬਾਅਦ ਆਇਆ ਹੈ। ਜਿਸ ਵਿਚ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਮੈਂ ਰਾਸ਼ਟਰਪਤੀ ਚੋਣ ਨਹੀਂ ਜਿੱਤਦਾ, ਤਾਂ ਅਮਰੀਕਾ ਵਿਚ ਫਿਰ ਤੋਂ ਖੂਨ ਖਰਾਬਾ ਹੋ ਜਾਵੇਗਾ। ਟਰੰਪ ਦੇ ਬਿਆਨ ‘ਤੇ ਰਾਸ਼ਟਰਪਤੀ ਬਾਇਡਨ ਦੇ ਬੁਲਾਰੇ ਜੇਮਸ ਸਿੰਗਰ ਨੇ ਵੀ ਕਿਹਾ ਕਿ ਟਰੰਪ 6 ਜਨਵਰੀ, 2021 ਦੀ ਘਟਨਾ ਨੂੰ ਦੁਹਰਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਦਿਨ 2021 ‘ਚ ਟਰੰਪ ਦੇ ਚੋਣ ਹਾਰਨ ਤੋਂ ਬਾਅਦ ਲੋਕਾਂ ਦਾ ਇਕ ਸਮੂਹ ਅਮਰੀਕੀ ਸੰਸਦ ‘ਚ ਦਾਖਲ ਹੋਇਆ ਸੀ। ਟਰੰਪ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਅਤੇ 9 ਲੋਕਾਂ ਦੀ ਮੌਤ ਹੋ ਗਈ ਸੀ।