– ‘ਬਿਗ ਬੌਸ’ ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!
ਵਾਸ਼ਿੰਗਟਨ, 19 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਂਝ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ‘ਤੇ ਜ਼ੋਰ ਦੇ ਰਹੇ ਹਨ। ਪਰ ਹੁਣ ਟਰੰਪ ਸਰਕਾਰ ਇਕ ਰਿਐਲਿਟੀ ਸ਼ੋਅ ਰਾਹੀਂ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਯੂ.ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਇੱਕ ਟੀ.ਵੀ. ਸ਼ੋਅ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਵਿਚ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਮੁਕਾਬਲਾ ਕਰਨ ਲਈ ਕਈ ਚੁਣੌਤੀਆਂ ਵਿਚੋਂ ਲੰਘਣਾ ਪਏਗਾ।
ਇੱਕ ਅਜਿਹਾ ਰਿਐਲਿਟੀ ਸ਼ੋਅ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਇੱਕ ਘਰ ਸਾਂਝਾ ਕਰਨਗੇ। ਇੱਥੇ ਮੁਕਾਬਲੇ ਲਈ ਵੱਖ-ਵੱਖ ਚੁਣੌਤੀਆਂ ਦਿੱਤੀਆਂ ਜਾਣਗੀਆਂ, ਜੋ ਦੇਸ਼ ਭਗਤੀ ਅਤੇ ਵੱਖ-ਵੱਖ ਅਮਰੀਕੀ ਪ੍ਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ‘ਤੇ ਆਧਾਰਿਤ ਹੋਣਗੀਆਂ। ਜਿਹੜਾ ਆਦਮੀ ਜਾਂ ਔਰਤ ਅਖੀਰ ਤੱਕ ਟਿੱਕਿਆ ਰਹੇਗਾ, ਉਸ ਨੂੰ ਅਮਰੀਕੀ ਨਾਗਰਿਕਤਾ ਮਿਲੇਗੀ। ਅਜਿਹਾ ਸੰਭਵ ਹੋ ਸਕਦਾ ਹੈ ਡੋਨਾਲਡ ਟਰੰਪ ਦੇ ‘ਬਿੱਗ ਬੌਸ’ ਸੰਸਕਰਣ ਵਿਚ। ਹਾਲਾਂਕਿ ਇਹ ਯੋਜਨਾ ਹਾਲੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਹੋਮਲੈਂਡ ਸਿਕਓਰਿਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਨੋਖੇ ਪ੍ਰਸਤਾਵ ਖਾਸ ਕਰਕੇ ਜੋ ਅਮਰੀਕੀ ਹੋਣ ਦਾ ਅਰਥ ਦੱਸਦੇ ਹਨ, ਹਮੇਸ਼ਾ ਤਰਜੀਹੀ ਸੂਚੀ ਵਿਚ ਰਹੇ ਹਨ। ਅਜਿਹੀ ਪ੍ਰਕਿਰਿਆ ਛੇਤੀ ਹੀ ਇੱਕ ਹਕੀਕਤ ਬਣ ਸਕਦੀ ਹੈ।
‘ਦਿ ਅਮੈਰੀਕਨਜ਼’ ਸਿਰਲੇਖ ਵਾਲਾ ਇਹ ਸੰਕਲਪ ਰਿਐਲਿਟੀ ਟੀ.ਵੀ. ਦੇ ਦਿੱਗਜ ਕਲਾਕਾਰ ਰੌਬ ਵਾਰਸੌਫ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਡਕ ਡਾਇਨੈਸਟੀ ਅਤੇ ਦ ਮਿਲੀਅਨੇਅਰ ਮੈਚਮੇਕਰ ਵਰਗੇ ਸ਼ੋਅ ਲਈ ਜਾਣੇ ਜਾਂਦੇ ਹਨ। ਵਾਰਸੌਫ, ਜੋ ਕਿ ਖੁਦ ਇੱਕ ਕੈਨੇਡੀਅਨ ਪ੍ਰਵਾਸੀ ਹੈ, ਨੇ ਕਿਹਾ ਕਿ ਇਹ ਵਿਚਾਰ ਉਸਨੂੰ ਆਪਣੀ ਨਾਗਰਿਕਤਾ ਪ੍ਰਕਿਰਿਆ ਦੌਰਾਨ ਆਇਆ ਸੀ। ਵਾਰਸੋਫ ਦੇ ਪ੍ਰਸਤਾਵ ਵਿੱਚ ਇੱਕ ਫਾਰਮੈਟ ਸ਼ਾਮਲ ਹੈ, ਜਿਸ ਵਿਚ ਪ੍ਰਵਾਸੀ ਅਮਰੀਕਾ ਵਿਚ ਯਾਤਰਾ ਕਰਨਗੇ ਅਤੇ ਖੇਤਰ-ਵਿਸ਼ੇਸ਼ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਨਗੇ। ਹੋਰ ਟਾਸਕ ਵਿਚ ਡੈਟ੍ਰੋਇਟ ਵਿਚ ਮਾਡਲ ਟੀ.ਐੱਸ. ਨੂੰ ਇਕੱਠਾ ਕਰਨਾ ਅਤੇ ਕਨਸਾਸ ਵਿਚ ਘੋੜੇ ‘ਤੇ ਡਾਕ ਪਹੁੰਚਾਉਣਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਆਮ ਗਿਆਨ ਅਤੇ ਨਾਗਰਿਕ ਸ਼ਾਸਤਰ ਦੀਆਂ ਚੁਣੌਤੀਆਂ ਵੀ ਹੋਣਗੀਆਂ। ਹਾਲਾਂਕਿ ਉਸਨੇ ਜ਼ੋਰ ਦੇ ਕੇ ਕਿਹਾ ਕਿ ਸ਼ੋਅ ਵਿਚ ਹਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।
ਟਰੰਪ ਪ੍ਰਸ਼ਾਸਨ ਵੱਲੋਂ ਰਿਐਲਿਟੀ ਸ਼ੋਅ ਰਾਹੀਂ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਯੋਜਨਾ
