#AMERICA

ਟਰੰਪ ਪ੍ਰਸ਼ਾਸਨ ਵੱਲੋਂ ਮੋਡਰਨਾ ਕੰਪਨੀ ਨੂੰ ਦਿੱਤਾ ਇਕਰਾਰਨਾਮਾ ਰੱਦ

ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਆਖਰੀ ਪੜਾਅ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਟਸ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਗਿਆ ਹੈ। ਮੋਡਰਨਾ ਕੰਪਨੀ ਨੇ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਟੀਕਾ ਬਣਾਇਆ ਸੀ। ਜਨਵਰੀ ਵਿਚ ਮੋਡਰਨਾ ਨੂੰ ਆਪਣੇ ਬਰਡ ਫਲੂ ਟੀਕੇ ਦੇ ਵਿਕਾਸ ਅਤੇ ਮਹਾਮਾਰੀ ਇਨਫਲੂਐਂਜ਼ਾ ਲਈ ਬਾਇਡਨ ਪ੍ਰਸ਼ਾਸਨ ਤੋਂ 590 ਮਿਲੀਅਨ ਡਾਲਰ ਦਾ ਫੰਡ ਮਿਲਿਆ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ mRNA ਆਧਾਰਿਤ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਜਾਂਚ ਨੂੰ ਪੂਰਾ ਕਰਨ ਲਈ 176 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ ਸੀ। ਇਹ ਐੱਚ5ਐੱਨ1 ਏਵੀਅਨ ਇਨਫਲੂਐਂਜ਼ਾ ਵਿਰੁੱਧ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਦਿੱਤਾ ਗਿਆ ਸੀ। ਇਸ ‘ਤੇ ਕੰਪਨੀ ਨੇ ਕਿਹਾ ਕਿ ਉਹ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਲਈ ਬਦਲਾਂ ਦੀ ਪੜਚੋਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੂੰ ਐੱਚ5 ਏਵੀਅਨ ਇਨਫਲੂਐਂਜ਼ਾ ਵਾਇਰਸ ਦੀ ਕਿਸਮ ਨੂੰ ਨਿਸ਼ਾਨਾ ਬਣਾਉਣ ਵਾਲੇ ਬਰਡ ਫਲੂ ਟੀਕੇ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਟੈਸਟ ਤੋਂ ਸਕਾਰਾਤਮਕ ਅੰਤਰਿਮ ਡੇਟਾ ਪ੍ਰਾਪਤ ਹੋਇਆ ਹੈ।
ਇਹ ਮਾਮਲਾ ਉਦੋਂ ਆਇਆ, ਜਦੋਂ ਅਪ੍ਰੈਲ 2024 ਵਿਚ ਅਮਰੀਕਾ ਵਿਚ ਪਹਿਲੀ ਵਾਰ ਐੱਚ5ਐੱਨ1 ਬਰਡ ਫਲੂ ਦੀ ਰਿਪੋਰਟ ਕੀਤੀ ਗਈ ਸੀ। ਜਿਸ ਵਿਚ ਹੁਣ ਤੱਕ 70 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਮਜ਼ਦੂਰ ਸਨ। ਦੱਸਣਯੋਗਕ ਹੈ ਕਿ ਹੁਣ ਤੱਕ ਇਸ ਵਾਇਰਸ ਦੇ ਮਨੁੱਖ ਤੋਂ ਮਨੁੱਖ ਵਿਚ ਸੰਚਾਰਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਅਜਿਹੀ ਸਥਿਤੀ ਵਿਚ ਆਮ ਲੋਕਾਂ ਲਈ ਖ਼ਤਰਾ ਘੱਟ ਹੈ ਪਰ ਪੰਛੀਆਂ ਅਤੇ ਮੁਰਗੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।
ਬਾਇਡਨ ਪ੍ਰਸ਼ਾਸਨ ਨੇ ਜਨਵਰੀ 2025 ਵਿਚ ਐੱਚ5ਐੱਨ1 ਟੀਕੇ ਦੇ ਉਤਪਾਦਨ ਨੂੰ ਤੇਜ਼ ਕਰਨ ਲਈ 590 ਮਿਲੀਅਨ ਡਾਲਰ ਦਿੱਤੇ ਸਨ। ਨਿਊਯਾਰਕ ਟਾਈਮਜ਼ ਅਨੁਸਾਰ, 2024 ਵਿਚ 176 ਮਿਲੀਅਨ ਡਾਲਰ ਦਿੱਤੇ ਗਏ ਸਨ। ਇਹ ਫੰਡਿੰਗ 5 ਹੋਰ ਇਨਫਲੂਐਂਜ਼ਾ ਉਪ-ਕਿਸਮਾਂ ਦੇ ਅਧਿਐਨ ਲਈ ਸੀ। ਮੋਡਰਨਾ ਨੇ mRNA-1018 ਟੀਕੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।