ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਕੈਲੀਫ਼ੋਰਨੀਆ ਦੇ ਦੋ ਸ਼ਹਿਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮੁਕੱਦਮੇ ਦਾ ਉਦੇਸ਼ ਉਨ੍ਹਾਂ ਸਥਾਨਕ ਕਾਨੂੰਨਾਂ ਨੂੰ ਰੋਕਣਾ ਹੈ, ਜੋ ਨਵੀਂ ਉਸਾਰੀ ਵਿਚ ਨੈਚੁਰਲ ਗੈਸ (ਕੁਦਰਤੀ ਗੈਸ) ਦੇ ਬੁਨਿਆਦੀ ਢਾਂਚੇ ਅਤੇ ਉਪਕਰਨਾਂ ਦੀ ਵਰਤੋਂ ਨੂੰ ਸੀਮਤ ਕਰਦੇ ਹਨ।
ਇਹ ਮੁਕੱਦਮਾ ਟਰੰਪ ਪ੍ਰਸ਼ਾਸਨ ਵੱਲੋਂ ਊਰਜਾ ਨੀਤੀਆਂ ਖ਼ਿਲਾਫ਼ ਤਾਜ਼ਾ ਹਮਲਾ ਹੈ, ਜੋ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਫਾਸਿਲ ਫਿਊਲ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਕੈਲੀਫ਼ੋਰਨੀਆ, ਜੋ ਡੈਮੋਕ੍ਰੈਟਿਕ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਦੁਨੀਆਂ ਦੀਆਂ ਸਭ ਤੋਂ ਸਖ਼ਤ ਨੀਤੀਆਂ ਲਾਗੂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਰਿਪਬਲਿਕਨ ਨੇਤਾ, ਕਈ ਸਾਲਾਂ ਤੋਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਚਲਾਏ ਜਾ ਰਹੇ ਉਨ੍ਹਾਂ ਸਥਾਨਕ ਯਤਨਾਂ ਦੀ ਆਲੋਚਨਾ ਕਰਦੇ ਆ ਰਹੇ ਹਨ, ਜੋ ਗੈਸ ਨਾਲ ਚੱਲਣ ਵਾਲੇ ਉਪਕਰਨਾਂ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰਦੇ ਹਨ।
ਅਮਰੀਕੀ ਨਿਆਂ ਵਿਭਾਗ ਦੇ ਵਕੀਲਾਂ ਨੇ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੋਰਗਨ ਹਿੱਲ ਅਤੇ ਪੇਟਾਲੁਮਾ ਸ਼ਹਿਰਾਂ ਦੁਆਰਾ 2019 ਤੋਂ ਬਾਅਦ ਪਾਸ ਕੀਤੇ ਗਏ ਆਰਡੀਨੈਂਸ 1975 ਦੇ ਇੱਕ ਸੰਘੀ ਕਾਨੂੰਨ ਦੀ ਉਲੰਘਣਾ ਕਰਦੇ ਹਨ। ਇਹ ਕਾਨੂੰਨ ਰਾਜਾਂ ਅਤੇ ਸ਼ਹਿਰਾਂ ਨੂੰ ਉਨ੍ਹਾਂ ਉਤਪਾਦਾਂ ਦੀ ”ਊਰਜਾ ਵਰਤੋਂ” ਨੂੰ ਨਿਯੰਤਰਿਤ ਕਰਨ ਤੋਂ ਰੋਕਦਾ ਹੈ, ਜੋ ਸੰਘੀ ਮਾਪਦੰਡਾਂ ਦੇ ਅਧੀਨ ਆਉਂਦੇ ਹਨ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ, ”ਨੈਚੁਰਲ ਗੈਸ ‘ਤੇ ਪਾਬੰਦੀ ਨਾ ਸਿਰਫ਼ ਕੈਲੀਫੋਰਨੀਆ ਦੇ ਨਿਵਾਸੀਆਂ ‘ਤੇ ਭਾਰੀ ਆਰਥਿਕ ਬੋਝ ਪਾਉਂਦੀ ਹੈ, ਸਗੋਂ ਇਹ ਗੈਰ-ਕਾਨੂੰਨੀ ਵੀ ਹੈ।”
2019 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੀਆਂ ਦਰਜਨਾਂ ਨਗਰਪਾਲਿਕਾਵਾਂ ਨੇ ਨੈਚੂਰਲ ਗੈਸ ਦੇ ਕਨੈਕਸ਼ਨਾਂ ਨੂੰ ਰੋਕਣ ਵਾਲੇ ਕਾਨੂੰਨ ਬਣਾਏ ਹਨ। ਹਾਲਾਂਕਿ, 2023 ਵਿਚ ਇੱਕ ਸੰਘੀ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਕੈਲੀਫੋਰਨੀਆ ਦਾ ਬਰਕਲੇ ਸ਼ਹਿਰ ਆਪਣੀ 2019 ਦੀ ਗੈਸ ਪਾਬੰਦੀ ਨੂੰ ਲਾਗੂ ਨਹੀਂ ਕਰ ਸਕਦਾ।
ਟਰੰਪ ਪ੍ਰਸ਼ਾਸਨ ਵੱਲੋਂ ਕੈਲੀਫ਼ੋਰਨੀਆ ਦੇ 2 ਸ਼ਹਿਰਾਂ ਖ਼ਿਲਾਫ਼ ਮੁਕੱਦਮਾ ਦਰਜ

