#AMERICA

ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ‘ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ!

-1 ਲੱਖ ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ‘ਤੇ ਨਹੀਂ ਹੋਵੇਗੀ ਲਾਗੂ
ਨਿਊਯਾਰਕ, 23 ਅਕਤੂਬਰ (ਪੰਜਾਬ ਮੇਲ)-ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲੈਣ ਵਾਲੇ ਉਮੀਦਵਾਰਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਗਈ 1,00,000 ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ‘ਤੇ ਲਾਗੂ ਨਹੀਂ ਹੋਵੇਗੀ।
ਨਵੇਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੇ ਕੋਈ ਉਮੀਦਵਾਰ ਕੇਵਲ ਆਪਣੇ ਮੌਜੂਦਾ ਸਟੇਟਸ ‘ਚ ਤਬਦੀਲੀ ਕਰਵਾ ਰਿਹਾ ਹੈ ਜਾਂ ਆਪਣੀ ਵਿਦੇਸ਼ ‘ਚ ਰਹਿਣ ਦੀ ਮਿਆਦ ਵਧਵਾਉਣ ਦੀ ਅਰਜ਼ੀ ਦੇ ਰਿਹਾ ਹੈ ਤਾਂ ਉਸ ‘ਤੇ ਇਹ ਵਾਧੂ ਫੀਸ ਨਹੀਂ ਲਾਗੂ ਹੋਵੇਗੀ।
ਇਹ ਫ਼ੈਸਲਾ ਉਨ੍ਹਾਂ ਪ੍ਰਵਾਸੀਆਂ ਲਈ ਇਕ ਵੱਡਾ ਰਾਹਤਕਾਰੀ ਕਦਮ ਮੰਨਿਆ ਜਾ ਰਿਹਾ ਹੈ, ਜੋ ਪਹਿਲਾਂ ਹੀ ਅਮਰੀਕਾ ਵਿਚ ਨੌਕਰੀ ਕਰ ਰਹੇ ਹਨ ਅਤੇ ਸਿਰਫ਼ ਆਪਣੇ ਵੀਜ਼ਾ ਦੀ ਮਿਆਦ ਨੂੰ ਲੰਮਾ ਕਰਵਾਉਣਾ ਚਾਹੁੰਦੇ ਹਨ।
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਇਹ ਫੀਸ ਸਿਰਫ਼ ਨਵੇਂ ਬਿਨੈਕਾਰਾਂ ਲਈ ਹੋਵੇਗੀ, ਜੋ ਪਹਿਲੀ ਵਾਰ ਐੱਚ-1ਬੀ ਵੀਜ਼ਾ ਲਈ ਅਰਜ਼ੀ ਦੇ ਰਹੇ ਹਨ। ਇਸ ਫ਼ੈਸਲੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਸੁਚੱਜੀ ਹੋਣ ਦੀ ਉਮੀਦ ਹੈ।