#AMERICA

ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਨੀਤੀ ‘ਤੇ ਸੰਘੀ ਅਦਾਲਤ ਵੱਲੋਂ ਰੋਕ

ਵਾਸ਼ਿੰਗਟਨ, 19 ਜੂਨ (ਪੰਜਾਬ ਮੇਲ)- ਬੋਸਟਨ ਦੇ ਇਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਤੇ ਗੈਰ-ਰਸਮੀ ਅਮਰੀਕਨਾਂ ਨੂੰ ਪਾਸਪੋਰਟ ਜਾਰੀ ਨਾ ਕਰਨ ਦੀ ਨੀਤੀ ਉੱਪਰ ਰੋਕ ਲਾ ਦਿੱਤੀ ਹੈ। ਯੂ.ਐੱਸ. ਡਿਸਟ੍ਰਿਕਟ ਜੱਜ ਜੁਲੀਆ ਕੋਬਿਕ ਨੇ ਮੁੱਢਲਾ ਹੁਕਮ ਜਾਰੀ ਕਰਦਿਆਂ ਆਪਣੇ ਅਪ੍ਰੈਲ ‘ਚ ਜਾਰੀ ਹੁਕਮ ਵਿਚ ਹੀ ਵਾਧਾ ਕੀਤਾ ਹੈ, ਜਿਸ ਤਹਿਤ ਉਨ੍ਹਾਂ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ 6 ਲੋਕਾਂ ਦੇ ਮਾਮਲੇ ‘ਚ ਨੀਤੀ ਲਾਗੂ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ । ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਉਪਰੰਤ ਤੁਰੰਤ ਜਾਰੀ ਇਕ ਕਾਰਜਕਾਰੀ ਹੁਕਮ ਵਿਚ ਕਿਹਾ ਸੀ ਕਿ ਸੰਘੀ ਸਰਕਾਰ ਸਿਰਫ ਦੋ ਲਿੰਗਾਂ ਮਰਦ ਤੇ ਔਰਤ ਨੂੰ ਮਾਨਤਾ ਦਿੰਦੀ ਹੈ ਤੇ ਇਹ ਲਿੰਗ ਬਦਲਣਯੋਗ ਨਹੀਂ ਹਨ । ਇਸ ਤੋਂ ਬਾਅਦ ਵਿਦੇਸ਼ ਵਿਭਾਗ ਨੇ ਟਰਾਂਸਜੈਂਡਰ ਲੋਕਾਂ ਨੂੰ ਪਾਸਪੋਰਟ ਜਾਰੀ ਕਰਨੇ ਬੰਦ ਕਰ ਦਿੱਤੇ ਸਨ ।