-ਵੀਡੀਓ ‘ਚ ਪਿਕਅੱਪ ਵੈਨ ਦੇ ਪਿੱਛੇ ਲੱਗੇ ਪੋਸਟਰ ‘ਚ ਬਾਇਡਨ ਨੂੰ ਰੱਸੀ ਨਾਲ ਬੰਨ੍ਹ ਕੇ ਡਿੱਗੀ ‘ਚ ਪਏ ਦਿਖਾਇਆ ਗਿਆ
ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੀਡੀਓ ਸ਼ੇਅਰ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ‘ਚ ਇਕ ਪਿਕਅੱਪ ਵੈਨ ਦੇ ਪਿਛਲੇ ਪਾਸੇ ਇਕ ਪੋਸਟਰ ਲੱਗਾ ਹੈ, ਜਿਸ ‘ਚ ਰਾਸ਼ਟਰਪਤੀ ਜੋਅ ਬਾਇਡਨ ਨੂੰ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਡਿੱਗੀ ‘ਚ ਪਏ ਦਿਖਾਇਆ ਗਿਆ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਪਿਕਅੱਪ ਵੈਨ ‘ਤੇ ਲੱਗੇ ਇਸ ਪੋਸਟਰ ਦੀ ਫੁਟੇਜ ਲੌਂਗ ਆਈਲੈਂਡ ‘ਤੇ ਕੈਪਚਰ ਕੀਤੀ ਗਈ ਹੈ। ਵੀਡੀਓ ‘ਚ ਟਰੰਪ ਲਈ ਸਮਰਥਨ ਜ਼ਾਹਿਰ ਕਰਨ ਵਾਲੇ ਝੰਡਿਆਂ ਤੇ ਸਟਿੱਕਰਾਂ ਨਾਲ ਸਜੀਆਂ ਦੋ ਪਿਕਅੱਪ ਵੈਨਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ ਇਕ ਦੇ ਪਿਛਲੇ ਪਾਸੇ ਬਾਇਡਨ ਦਾ ਇਹ ਪੋਸਟਰ ਲੱਗਾ ਹੈ।
ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਬਾਇਡਨ ਦੀ ਚੋਣ ਮੁਹਿੰਮ ਦੇ ਬੁਲਾਰੇ ਮਾਈਕਲ ਟਾਇਲਰ ਨੇ ਟਰੰਪ ਦੀ ਨਿੰਦਿਆ ਕਰਦਿਆਂ ਕਿਹਾ ਕਿ ਡੋਨਾਲਡ ਟਰੰਪ ਇਸ ਤਰ੍ਹਾਂ ਦੀ ਬਕਵਾਸ ਕਰਨ ਲਈ ਮਸ਼ਹੂਰ ਹੋ ਗਏ ਹਨ। ਟਰੰਪ ਲਗਾਤਾਰ ਸਿਆਸੀ ਹਿੰਸਾ ਭੜਕਾ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੇ ਸ਼ੁਰੂ ‘ਚ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ 2024 ਦੀਆਂ ਚੋਣਾਂ ਹਾਰ ਜਾਂਦੇ ਹਨ, ਤਾਂ ਇਸ ਦਾ ਨਤੀਜਾ ਅਮਰੀਕਾ ਦੇ ਆਟੋ ਉਦਯੋਗ ਦਾ ਨੁਕਸਾਨ ਤੇ ਦੇਸ਼ ਲਈ ਵੱਡੇ ਪੱਧਰ ‘ਤੇ ‘ਖ਼ੂਨ ਖ਼ਰਾਬਾ’ ਹੋਵੇਗਾ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ‘ਤੇ ‘100 ਫ਼ੀਸਦੀ ਟੈਕਸ’ ਦਾ ਪ੍ਰਸਤਾਵ ਰੱਖਿਆ ਤੇ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੇ ਰਾਸਟਰਪਤੀ ਬਣਨ ਨਾਲ ਹੀ ਘਰੇਲੂ ਆਟੋ ਨਿਰਮਾਣ ਦੀ ਰੱਖਿਆ ਹੋ ਸਕਦੀ ਹੈ।
ਟਰੰਪ ਦੀ ਟਿੱਪਣੀ ਕਿ ਪ੍ਰਵਾਸੀ ਅਮਰੀਕਾ ਦੇ ‘ਖ਼ੂਨ ‘ਚ ਜ਼ਹਿਰ ਘੋਲ ਰਹੇ ਹਨ’ ਨਾਲ ਵੀ ਵਿਵਾਦ ਖੜ੍ਹਾ ਹੋ ਗਿਆ ਸੀ। ਇਕ ਸਮਾਗਮ ‘ਚ ਟਰੰਪ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ‘ਕੀੜੇ’ ਦੱਸਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ‘ਚ ਕੀੜੇ-ਮਕੌੜਿਆਂ ਵਾਂਗ ਰਹਿਣ ਵਾਲੇ ਕਮਿਊਨਿਸਟਾਂ, ਮਾਰਕਸਵਾਦੀਆਂ, ਫਾਸ਼ੀਵਾਦੀਆਂ ਤੇ ਕੱਟੜਪੰਥੀ ਖੱਬੇਪੱਖੀ ਠੱਗਾਂ ਨੂੰ ਜੜ੍ਹੋਂ ਪੁੱਟ ਸੁੱਟਾਂਗੇ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ 31 ਮਾਰਚ ਨੂੰ ‘ਟਰਾਂਸਜੈਂਡਰ ਡੇ ਆਫ ਵਿਜ਼ੀਬਿਲਟੀ’ ਐਲਾਨਿਆ ਹੈ, ਜਿਸ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਦਿਨ ‘ਈਸਟਰ ਸੰਡੇ’ ਵੀ ਹੈ। ਈਸਟਰ ਈਸਾਈ ਭਾਈਚਾਰੇ ਦੇ ਸਭ ਤੋਂ ਪਵਿੱਤਰ ਤਿਉਹਾਰਾਂ ‘ਚੋਂ ਇਕ ਹੈ। ਟਰੰਪ ਖੇਮੇ ਨੇ ਈਸਾਈ ਧਰਮ ਦੇ ਰੋਮਨ ਕੈਥੋਲਿਕ ਪੰਥ ਨੂੰ ਮੰਨਣ ਵਾਲੇ ਬਾਇਡਨ ‘ਤੇ ਧਰਮ ਪ੍ਰਤੀ ਗੈਰ-ਸੰਵੇਦਨਸ਼ੀਲ ਹੋਣ ਦਾ ਦੋਸ਼ ਲਾਇਆ ਤੇ ਰਿਪਬਲਿਕਨ ਪਾਰਟੀ ਨੇ ਇਸ ਦਾ ਸਮਰਥਨ ਕੀਤਾ ਹੈ।