#AMERICA

ਟਰੰਪ ਨੇ ਨੋਬੇਲ ਸ਼ਾਂਤੀ ਪੁਰਸਕਾਰ ‘ਤੇ ਮੁੜ ਦਾਅਵੇਦਾਰੀ ਜਤਾਈ

ਕਿਹਾ : ਪਿਛਲੇ ਦਿਨੀਂ ਐਲਾਨਿਆ ਨੋਬੇਲ ਸ਼ਾਂਤੀ ਪੁਰਸਕਾਰ 2024 ਲਈ ਸੀ; ਮੈਂ ਭਾਰਤ-ਪਾਕਿ ਸਮੇਤ 8 ਜੰਗਾਂ 2025 ‘ਚ ਰੋਕੀਆਂ
ਨਿਉਯਾਰਕ, 14 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੋਬੇਲ ਸ਼ਾਂਤੀ ਪੁਰਸਕਾਰ ‘ਤੇ ਮੁੜ ਦਾਅਵੇਦਾਰੀ ਜਤਾਈ ਹੈ। ਪੁਰਸਕਾਰ ਤੋਂ ਖੁੰਝੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਨੋਬੇਲ ਕਮੇਟੀ ਵੱਲੋਂ ਐਲਾਨਿਆ ਸ਼ਾਂਤੀ ਪੁਰਸਕਾਰ 2024 ਲਈ ਸੀ, ਜਦੋਂਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਸਣੇ ਕੁੱਲ ਅੱਠ ਜੰਗਾਂ ਨੂੰ 2025 ਵਿਚ ਸੁਲਝਾਇਆ। ਟਰੰਪ ਨੇ ਕਿਹਾ, ”ਨੋਬੇਲ ਕਮੇਟੀ ਬਾਰੇ ਪੂਰੀ ਇਮਾਨਦਾਰੀ ਨਾਲ ਕਹਾਂ ਤਾਂ ਇਹ 2024 ਲਈ ਸੀ। ਇਸੇ 2024 ਲਈ ਚੁਣਿਆ ਗਿਆ ਸੀ।” ਨੋਬੇਲ ਕਮੇਟੀ ਨੇ ਪਿਛਲੇ ਦਿਨੀਂ ਵੈਨੇਜ਼ੁਏਲਾ ਦੀ ਆਗੂ ਮਾਰੀਆ ਕੋਰੀਨਾ ਮਸ਼ਾਡੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।
ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਜਾਂਦੇ ਹੋਏ ਏਅਰ ਫੋਰਸ ਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਂ ਇਹ ਨੋਬੇਲ ਪੁਰਸਕਾਰ ਲਈ ਨਹੀਂ, ਬਲਕਿ ਜ਼ਿੰਦਗੀਆਂ ਬਚਾਉਣ ਲਈ ਕੀਤਾ।” ਟਰੰਪ ਨੇ ਹੁਣ ਤੱਕ ਸੱਤ ਜੰਗਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਵੀ ਸ਼ਾਮਲ ਹੈ। ਹਾਲਾਂਕਿ, ਉਨ੍ਹਾਂ ਨੇ ਹੁਣ ਇਜ਼ਰਾਈਲ-ਗਾਜ਼ਾ ਟਕਰਾਅ ਨੂੰ ਜੋੜ ਕੇ ਇਹ ਗਿਣਤੀ ਅੱਠ ਕਰ ਦਿੱਤੀ ਹੈ। ਟਰੰਪ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਟਕਰਾਅ ਨੂੰ ਹੱਲ ਕਰਨ ਦੀ ਯੋਜਨਾ ਦਾ ਵੀ ਸੰਕੇਤ ਦਿੱਤਾ। ਅਮਰੀਕੀ ਸਦਰ ਨੇ ਕਿਹਾ, ”ਇਹ ਮੇਰੀ ਅੱਠਵੀਂ ਜੰਗ ਹੋਵੇਗੀ, ਜਿਸ ਨੂੰ ਮੈਂ ਹੱਲ ਕਰ ਲਿਆ ਹੈ, ਅਤੇ ਮੈਂ ਸੁਣਿਆ ਹੈ ਕਿ ਹੁਣ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਜੰਗ ਜਾਰੀ ਹੈ। ਮੈਂ ਕਿਹਾ ਇਸ ਲਈ ਮੇਰੇ ਵਾਪਸ ਆਉਣ ਤੱਕ ਇੰਤਜ਼ਾਰ ਕਰਨਾ ਪਵੇਗਾ। ਮੈਂ ਇੱਕ ਹੋਰ ਜੰਗ ਨੂੰ ਰੋਕ ਰਿਹਾ ਹਾਂ। ਕਿਉਂਕਿ ਮੈਂ ਜੰਗਾਂ ਨੂੰ ਹੱਲ ਕਰਨ ਵਿਚ ਮਾਹਰ ਹਾਂ। ਮੈਂ ਸ਼ਾਂਤੀ ਸਥਾਪਤ ਕਰਨ ਵਿਚ ਮਾਹਰ ਹਾਂ।”