#EUROPE

ਟਰੰਪ ਨੇ ਨਾਟੋ ਦੀ ਸਮੂਹਿਕ ਰੱਖਿਆ ਗਾਰੰਟੀ ਬਾਰੇ ਮੁੜ ਚੁੱਕੇ ਸਵਾਲ

ਯੂਰਪੀ ਸਹਿਯੋਗੀ ਦੇਸ਼ਾਂ ਅਤੇ ਕੈਨੇਡਾ ਨੂੰ ਆਪਣੀ ਸੁਰੱਖਿਆ ਲਈ ਕੁੱਲ ਘਰੇਲੂ ਉਤਪਾਦ ਦਾ 5 ਫ਼ੀਸਦੀ ਖਰਚਣ ਦਾ ਦਿੱਤਾ ਮਸ਼ਵਰਾ
ਹੇਗ (ਨੈਦਰਲੈਂਡਜ਼), 26 ਜੂਨ (ਪੰਜਾਬ ਮੇਲ)-ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਤੋਂ ਨੈਦਰਲੈਂਡਜ਼ ਵਿਚ ਨਾਟੋ ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਦੀ ਤਿਆਰੀ ਦੌਰਾਨ ਆਪਣੇ ਸਹਿਯੋਗੀਆਂ ‘ਤੇ ਹਮਲੇ ਦੀ ਸਥਿਤੀ ਵਿਚ ਉਨ੍ਹਾਂ ਦੀ ਰੱਖਿਆ ਕਰਨ ਦੀ ਅਮਰੀਕਾ ਦੀ ਵਚਨਬੱਧਤਾ ‘ਤੇ ਸਵਾਲ ਉਠਾਏ। ਆਪਣੇ ਪਹਿਲੇ ਕਾਰਜਕਾਲ ਵਾਂਗ ਹੀ ਟਰੰਪ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਦਾ ਸਮਰਥਨ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅਮਰੀਕਾ ਦੇ ਸਹਿਯੋਗੀ ਰੱਖਿਆ ‘ਤੇ ਲੋੜੀਂਦਾ ਖਰਚਾ ਕਰ ਰਹੇ ਹਨ ਜਾਂ ਨਹੀਂ। ਉਨ੍ਹਾਂ ਮੰਗ ਕੀਤੀ ਹੈ ਕਿ ਯੂਰਪੀ ਸਹਿਯੋਗੀ ਅਤੇ ਕੈਨੇਡਾ ਆਪਣੀ ਸੁਰੱਖਿਆ ਲਈ ਕੁੱਲ ਘਰੇਲੂ ਉਤਪਾਦ ਦਾ 5 ਫੀਸਦੀ ਸਮਰਪਿਤ ਕਰਨ।
ਹੇਗ ਵਿਚ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਏਅਰ ਫੋਰਸ ਵਨ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਨਾਟੋ ਦੇ ਸਥਾਪਨਾ ਸਮਝੌਤੇ ਦੀ ਧਾਰਾ-5 ਸੰਗਠਨ ਦੀ ਸਮੂਹਿਕ ਸੁਰੱਖਿਆ ਗਾਰੰਟੀ ਪ੍ਰਤੀ ਸਾਡੀ ਵਚਨਬੱਧਤਾ ਤੁਹਾਡੀ ਪਰਿਭਾਸ਼ਾ ‘ਤੇ ਨਿਰਭਰ ਕਰਦੀ ਹੈ।” ਟਰੰਪ ਨੇ ਕਿਹਾ, ”ਧਾਰਾ-5 ਦੀਆਂ ਕਈ ਪਰਿਭਾਸ਼ਾਵਾਂ ਹਨ। ਤੁਸੀਂ ਜਾਣਦੇ ਹੋ, ਹੈ ਨਾ? ਪਰ ਮੈਂ ਉਨ੍ਹਾਂ ਦਾ ਦੋਸਤ ਬਣਨ ਲਈ ਵਚਨਬੱਧ ਹਾਂ।” ਉਨ੍ਹਾਂ ਸੰਕੇਤ ਦਿੱਤਾ ਕਿ ਸਿਖ਼ਰ ਸੰਮੇਲਨ ‘ਚ ਆਉਣ ਤੋਂ ਬਾਅਦ ਉਹ ਧਾਰਾ 5 ਦੇ ਅਰਥ ਨੂੰ ਹੋਰ ਵਧੇਰੇ ਸਟੀਕ ਤੌਰ ‘ਤੇ ਪਰਿਭਾਸ਼ਿਤ ਕਰਨਗੇ।
ਨਾਟੋ ਆਗੂਆਂ ਨੇ ਰੱਖਿਆ ਖਰਚ ਵਿਚ ਜ਼ਿਕਰਯੋਗ ਵਾਧੇ ਬਾਰੇ ਸਹਿਮਤੀ ਜ਼ਾਹਿਰ ਕੀਤੀ ਪਰ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਲਾਂਭੇ ਕੀਤੇ ਹੋਏ ਸਨ। ਸਾਲ 2022 ਤੋਂ ਰੂਸ ਨਾਲ ਜੰਗ ਵਿਚ ਰੁੱਝਿਆ ਯੂਕਰੇਨ ਹਮੇਸ਼ਾ ਨਾਟੋ ਸਿਖ਼ਰ ਸੰਮੇਲਨ ਵਿਚ ਚਰਚਾ ਦੇ ਕੇਂਦਰ ਵਿਚ ਰਿਹਾ ਹੈ ਪਰ ਜਦੋਂ ਗੱਠਜੋੜ ਦੇ ਆਗੂਆਂ ਦੀ ਸਾਲਾਨਾ ਮੀਟਿੰਗ ਹੇਗ ਵਿਚ ਸ਼ੁਰੂ ਹੋਈ ਤਾਂ ਜ਼ੇਲੈਂਸਕੀ ਕਮਰੇ ਵਿਚ ਨਹੀਂ ਸਨ।
ਨਾਟੋ ਆਗੂ ਰੱਖਿਆ ਖਰਚ ਵਧਾਉਣ ਲਈ ਸਹਿਮਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਮਗਰੋਂ ਨਾਟੋ ਦੇ ਆਗੂਆਂ ਨੇ ਰੱਖਿਆ ਖਰਚੇ ਵਿਚ ਭਾਰੀ ਵਾਧੇ ‘ਤੇ ਸਹਿਮਤੀ ਜ਼ਾਹਰ ਕੀਤੀ ਅਤੇ ਹਮਲਾ ਹੋਣ ‘ਤੇ ਇਕ-ਦੂਜੇ ਦੀ ਮਦਦ ਕਰਨ ਦੀ ਆਪਣੀ ‘ਦ੍ਰਿੜ੍ਹ ਵਚਨਬੱਧਤਾ’ ਦੋਹਰਾਈ। ਸਿਖ਼ਰ ਸੰਮੇਲਨ ਦੇ ਇਕ ਬਿਆਨ ਵਿਚ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਵਿਚ ਸ਼ਾਮਲ 32 ਆਗੂਆਂ ਨੇ ਕਿਹਾ, ”ਸਹਿਯੋਗੀ ਦੇਸ਼ ਆਪਣੀਆਂ ਵਿਅਕਤੀਗਤ ਅਤੇ ਸਮੂਹਿਕ ਜ਼ਿੰਮੇਵਾਰੀਆਂ ਯਕੀਨੀ ਬਣਾਉਣ ਲਈ 2035 ਤੱਕ ਮੁੱਖ ਰੱਖਿਆ ਜ਼ਰੂਰਤਾਂ ਦੇ ਨਾਲ-ਨਾਲ ਰੱਖਿਆ ਤੇ ਸੁਰੱਖਿਆ ਸਬੰਧੀ ਖਰਚਿਆਂ ‘ਤੇ ਹਰੇਕ ਸਾਲ ਕੁੱਲ ਘਰੇਲੂ ਉਤਪਾਦ ਦਾ 5 ਫੀਸਦੀ ਖਰਚ ਕਰਨ ਲਈ ਵਚਨਬੱਧ ਹਨ।” ਸਪੇਨ ਨੇ ਪਹਿਲਾਂ ਹੀ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਸੀ ਕਿ ਉਹ ਟੀਚਾ ਪੂਰਾ ਨਹੀਂ ਕਰ ਸਕਦਾ ਹੈ।