-ਅਮਰੀਕਾ ‘ਚ ਕੰਮ ਕਰਨਾ ਜਾਰੀ ਰੱਖੇਗਾ ਟਿਕਟਾਕ
ਨਿਊਯਾਰਕ, 18 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੇ ਅਮਰੀਕੀ ਸੰਚਾਲਨ ਨੂੰ ਬਾਈਟ ਡਾਂਸ ਨੂੰ ਵੇਚਣ ਦੀ ਆਖਰੀ ਮਿਤੀ ਤੀਜੀ ਵਾਰ ਵਧਾ ਦਿੱਤੀ ਹੈ, ਜਿਸ ਨਾਲ ਐਪ ਅਮਰੀਕਾ ਵਿਚ ਕੰਮ ਕਰਨਾ ਜਾਰੀ ਰੱਖੇਗਾ। ਇਸ ਲਈ ਗੱਲਬਾਤ ਅਜੇ ਵੀ ਜਾਰੀ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਇੱਕ ਬਿਆਨ ਵਿਚ ਕਿਹਾ, ”ਜਿਵੇਂ ਕਿ ਉਨ੍ਹਾਂ ਨੇ ਕਈ ਵਾਰ ਕਿਹਾ ਹੈ, ਰਾਸ਼ਟਰਪਤੀ ਟਰੰਪ ਨਹੀਂ ਚਾਹੁੰਦੇ ਕਿ ਟਿਕਟਾਕ ਬੰਦ ਹੋਵੇ। ਇਸ ਲਈ ਟਿਕਟਾਕ ‘ਤੇ ਕਾਰਵਾਈ ਦੀ ਆਖਰੀ ਮਿਤੀ 90 ਦਿਨਾਂ ਲਈ ਵਧਾ ਦਿੱਤੀ ਗਈ ਹੈ। ਜਿਸਦੀ ਵਰਤੋਂ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਕਰੇਗਾ ਕਿ ਸੌਦਾ ਪੂਰਾ ਹੋ ਜਾਵੇ ਅਤੇ ਅਮਰੀਕੀ ਯੂਜ਼ਰਸ ਦਾ ਡੇਟਾ ਸੁਰੱਖਿਅਤ ਰਹੇ।”
ਗੌਰਤਲਬ ਹੈ ਕਿ ਇਹ ਤੀਜੀ ਵਾਰ ਹੈ, ਜਦੋਂ ਟਰੰਪ ਪ੍ਰਸ਼ਾਸਨ ਨੇ ਟਿਕਟਾਕ ‘ਤੇ ਪਾਬੰਦੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਸ਼ੁਰੂ ਵਿਚ ਉਨ੍ਹਾਂ ਨੇ 75 ਦਿਨਾਂ ਦਾ ਵਾਧਾ ਦਿੱਤਾ ਸੀ, ਤਾਂ ਜੋ ਸਰਕਾਰ ਟਿਕਟਾਕ ਸੰਬੰਧੀ ਸਹੀ ਕਦਮ ਦਾ ਫੈਸਲਾ ਕਰ ਸਕੇ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਟਰੰਪ ਨੇ ਟਿਕਟਾਕ ‘ਤੇ ਕਾਰਵਾਈ ਲਈ ਸਮਾਂ ਸੀਮਾ 75 ਦਿਨ ਹੋਰ ਵਧਾ ਦਿੱਤੀ ਸੀ, ਜੋ ਹੁਣ 19 ਜੂਨ ਨੂੰ ਖਤਮ ਹੋਣ ਵਾਲੀ ਹੈ। ਆਪਣੇ ਪਹਿਲੇ ਕਾਰਜਕਾਲ ਵਿਚ ਟਰੰਪ ਨੇ ਅਮਰੀਕਾ ਵਿਚ ਐਪ ‘ਤੇ ਪਾਬੰਦੀ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਸਨ ਜਦੋਂ ਤੱਕ ਬਾਈਟਡਾਂਸ ਆਪਣੇ ਅਮਰੀਕੀ ਕਾਰਜਾਂ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਨਹੀਂ ਵੇਚਦਾ, ਪਰ ਕਾਨੂੰਨੀ ਚੁਣੌਤੀਆਂ ਕਾਰਨ ਇਹ ਆਦੇਸ਼ ਲਾਗੂ ਨਹੀਂ ਕੀਤਾ ਜਾ ਸਕਿਆ।
ਪਿਛਲੇ ਅਪ੍ਰੈਲ ਵਿਚ ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਾਈਟਡਾਂਸ ਨੂੰ ਟਿਕਟਾਕ ਵੇਚਣ ਲਈ 270 ਦਿਨ ਦੇਣ ਵਾਲਾ ਇੱਕ ਕਾਨੂੰਨ ਪਾਸ ਕੀਤਾ। ਕਾਨੂੰਨ ਤਹਿਤ ਪਾਲਣਾ ਕਰਨ ਵਿਚ ਅਸਫਲ ਰਹਿਣ ‘ਤੇ ਐਪਲ ਅਤੇ ਗੂਗਲ ਵਰਗੇ ਐਪ ਸਟੋਰ ਆਪਰੇਟਰਾਂ ਨੂੰ 19 ਜਨਵਰੀ, 2025 ਤੋਂ ਆਪਣੇ ਪਲੇਟਫਾਰਮਾਂ ਤੋਂ ਟਿਕਟਾਕ ਨੂੰ ਹਟਾਉਣ ਦੀ ਲੋੜ ਹੋਵੇਗੀ। ਹਾਲਾਂਕਿ ਐਪ ਕਈ ਘੰਟਿਆਂ ਲਈ ਬੰਦ ਰਹੀ ਅਤੇ ਟਰੰਪ ਦੇ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ 19 ਜਨਵਰੀ ਨੂੰ ਇਸ ਦੀ ਸੇਵਾ ਦੁਬਾਰਾ ਸ਼ੁਰੂ ਕੀਤੀ।
ਟਰੰਪ ਨੇ ਤੀਜੀ ਵਾਰ ਵਧਾਈ ਟਿਕਟਾਕ ‘ਤੇ ਪਾਬੰਦੀ ਦੀ ਆਖਰੀ ਮਿਤੀ
