#AMERICA

ਟਰੰਪ ਨੇ ‘ਅੰਗਰੇਜ਼ੀ’ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨਿਆ

-ਦਸਤਾਵੇਜ਼ ‘ਤੇ ਕੀਤੇ ਦਸਤਖਤ
ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲਾ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਟਰੰਪ ਨੇ ਹੁਣ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨ ਦਿੱਤਾ ਹੈ। ਟਰੰਪ ਨੇ ਇਸ ਸਬੰਧੀ ਦਸਤਾਵੇਜ਼ ‘ਤੇ ਦਸਤਖ਼ਤ ਕਰ ਦਿੱਤੇ ਹਨ। ਟਰੰਪ ਨੇ ਕਿਹਾ ਕਿ ਇਸ ਨਾਲ ਦੁਨੀਆਂ ਭਰ ਦੇ ਪ੍ਰਵਾਸੀਆਂ ਵਾਲੇ ਦੇਸ਼ ਵਿਚ ਇਕਜੁੱਟਤਾ ਆਵੇਗੀ। ਵ੍ਹਾਈਟ ਹਾਊਸ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਐਕਸ ‘ਤੇ ਪੋਸਟ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅੰਗਰੇਜ਼ੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਐਲਾਨਿਆ ਜਾਵੇ।
ਵ੍ਹਾਈਟ ਹਾਊਸ ਨੇ ਲਿਖਿਆ ਕਿ ਇੱਕ ਰਾਸ਼ਟਰੀ ਪੱਧਰ ‘ਤੇ ਨਿਰਧਾਰਤ ਭਾਸ਼ਾ ਇੱਕ ਏਕੀਕ੍ਰਿਤ ਅਤੇ ਸਦਭਾਵਨਾਪੂਰਨ ਸਮਾਜ ਦਾ ਧੁਰਾ ਹੈ। ਸੰਯੁਕਤ ਰਾਜ ਅਮਰੀਕਾ ਉਨ੍ਹਾਂ ਨਾਗਰਿਕਾਂ ਦੁਆਰਾ ਮਜ਼ਬੂਤ ਹੁੰਦਾ ਹੈ, ਜੋ ਸਾਂਝੀ ਭਾਸ਼ਾ ਵਿਚ ਵਿਚਾਰਾਂ ਦਾ ਸੁਤੰਤਰ ਰੂਪ ਵਿਚ ਆਦਾਨ-ਪ੍ਰਦਾਨ ਕਰ ਸਕਦੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਏਜੰਸੀਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਕਿਸੇ ਵੀ ਹੋਰ ਭਾਸ਼ਾ ਵਿਚ ਸੇਵਾਵਾਂ ਪ੍ਰਦਾਨ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਇਹ ਹੁਕਮ ਕਿਸੇ ਵੀ ਏਜੰਸੀ ਨੂੰ ਆਪਣੀ ਸੇਵਾ ਵਿਚ ਕੋਈ ਬਦਲਾਅ ਕਰਨ ਦਾ ਨਿਰਦੇਸ਼ ਨਹੀਂ ਦਿੰਦਾ। ਏਜੰਸੀ ਮੁਖੀਆਂ ਕੋਲ ਇਹ ਨਿਰਧਾਰਤ ਕਰਨ ਦਾ ਅਧਿਕਾਰ ਹੈ ਕਿ ਉਨ੍ਹਾਂ ਦੀਆਂ ਸਬੰਧਤ ਏਜੰਸੀਆਂ ਦੇ ਮਿਸ਼ਨਾਂ ਨੂੰ ਪੂਰਾ ਕਰਨ ਅਤੇ ਅਮਰੀਕੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਕੁਸ਼ਲਤਾ ਨਾਲ ਪ੍ਰਦਾਨ ਕਰਨ ਲਈ ਕੀ ਜ਼ਰੂਰੀ ਹੈ?
ਵ੍ਹਾਈਟ ਹਾਊਸ ਨੇ ਦੱਸਿਆ ਕਿ ਅਮਰੀਕਾ ਵਿਚ 350 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਗਣਰਾਜ ਦੀ ਸ਼ੁਰੂਆਤ ਤੋਂ ਹੀ ਅੰਗਰੇਜ਼ੀ ਰਾਸ਼ਟਰ ਦੀ ਭਾਸ਼ਾ ਰਹੀ ਹੈ। ਸਾਡੇ ਇਤਿਹਾਸਕ ਸ਼ਾਸਨ ਦਸਤਾਵੇਜ਼, ਆਜ਼ਾਦੀ ਦਾ ਐਲਾਨਨਾਮਾ ਅਤੇ ਸੰਵਿਧਾਨ ਵੀ ਅੰਗਰੇਜ਼ੀ ਵਿਚ ਲਿਖੇ ਗਏ ਹਨ। ਅਮਰੀਕੀ ਸਰਕਾਰ ਦੇ 2019 ਦੇ ਰਿਕਾਰਡ ਅਨੁਸਾਰ ਦੇਸ਼ ਵਿਚ 6.8 ਕਰੋੜ ਤੋਂ ਵੱਧ ਲੋਕ ਘਰ ਵਿਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ। ਜਦੋਂਕਿ 4 ਕਰੋੜ ਤੋਂ ਵੱਧ ਲੋਕ ਸਪੈਨਿਸ਼ ਬੋਲਦੇ ਹਨ। ਹਾਲਾਂਕਿ ਅੰਗਰੇਜ਼ੀ ਬਹੁਗਿਣਤੀ ਭਾਸ਼ਾ ਹੈ। ਇਸ ਲਈ ਇੱਥੇ ਅੰਗਰੇਜ਼ੀ ਦਾ ਪ੍ਰਭਾਵ ਵਧੇਰੇ ਮੰਨਿਆ ਜਾਂਦਾ ਹੈ।