#AMERICA

ਟਰੰਪ ਨੂੰ ਵੋਟ ਦੇਣ ਵਾਲੇ ਮਰਦਾਂ ਖ਼ਿਲਾਫ਼ ਅਮਰੀਕੀ ਲਿਬਰਲ ਔਰਤਾਂ ਦਾ ਅਨੋਖਾ ਅੰਦੋਲਨ

ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਅਹੁਦੇ ‘ਤੇ ਵਾਪਸੀ ਤੋਂ ਕਈ ਔਰਤਾਂ ਖੁਸ਼ ਨਹੀਂ ਹਨ। ਇਹੀ ਕਾਰਨ ਹੈ ਕਿ ਦੱਖਣੀ ਕੋਰੀਆ ਵਿਚ ਨਾਰੀਵਾਦੀ ਅੰਦੋਲਨ ਦੀ ਤਰਜ਼ ‘ਤੇ ਇਨ੍ਹਾਂ ਔਰਤਾਂ ਨੇ ਚੋਣਾਂ ਵਿਚ ਟਰੰਪ ਨੂੰ ਵੋਟ ਦੇਣ ਵਾਲੇ ਮਰਦਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿਚ ਇਸਨੂੰ 4ਬੀ ਮੂਵਮੈਂਟ ਦਾ ਨਾਮ ਦਿੱਤਾ ਗਿਆ ਹੈ।
ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਟਰੰਪ ਨੂੰ ਵ੍ਹਾਈਟ ਹਾਊਸ ਲੈ ਕੇ ਜਾਣ ਵਾਲੇ ਪੁਰਸ਼ਾਂ ਖ਼ਿਲਾਫ਼ ਅਮਰੀਕਾ ਦੀਆਂ ਕਈ ਔਰਤਾਂ ਨੇ ਆਵਾਜ਼ ਉਠਾਈ ਹੈ। ਇਸ 4ਬੀ ਅੰਦੋਲਨ ਵਿਚ ਸ਼ਾਮਲ ਔਰਤਾਂ ਨੇ ਅਗਲੇ ਚਾਰ ਸਾਲਾਂ ਲਈ ਟਰੰਪ ਨੂੰ ਵੋਟ ਪਾਉਣ ਵਾਲੇ ਪੁਰਸ਼ਾਂ ਦਾ ਬਾਈਕਾਟ ਕੀਤਾ ਹੈ। ਇਸ ਦਾ ਮਤਲਬ ਹੈ ਕਿ ਅਗਲੇ ਚਾਰ ਸਾਲਾਂ ‘ਚ ਔਰਤਾਂ ਨਾ ਤਾਂ ਇਨ੍ਹਾਂ ਮਰਦਾਂ ਨੂੰ ਡੇਟ ਕਰਨਗੀਆਂ, ਨਾ ਹੀ ਉਨ੍ਹਾਂ ਨਾਲ ਵਿਆਹ ਕਰਨਗੀਆਂ, ਨਾ ਹੀ ਉਨ੍ਹਾਂ ਨਾਲ ਸੈਕਸ ਕਰਨਗੀਆਂ ਅਤੇ ਨਾ ਹੀ ਉਨ੍ਹਾਂ ਨਾਲ ਬੱਚੇ ਪੈਦਾ ਕਰਨਗੀਆਂ। ਇਸ ਅੰਦੋਲਨ ਦੇ ਤਹਿਤ ਔਰਤਾਂ ਨੂੰ ਡੇਟਿੰਗ ਐਪਸ ਨੂੰ ਡਿਲੀਟ ਕਰਨ ਲਈ ਵੀ ਕਿਹਾ ਜਾ ਰਿਹਾ ਹੈ।
ਅਮਰੀਕਾ ਦੀਆਂ ਇਨ੍ਹਾਂ ਔਰਤਾਂ ਨੇ ਦੱਖਣੀ ਕੋਰੀਆ ਦੇ 4ਬੀ ਮੂਵਮੈਂਟ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ 2010 ਦੇ ਦਹਾਕੇ ਵਿਚ ਮਰਦਾਂ ਦਾ ਬਾਈਕਾਟ ਕੀਤਾ ਹੈ। ਕੋਰੀਅਨ ਭਾਸ਼ਾ ਵਿਚ ‘ਬੀ’ ਦਾ ਮਤਲਬ ਹੈ ਨਹੀਂ। ਇਸ ਤਰ੍ਹਾਂ 4ਬੀ ਅਸਲ ਵਿਚ ਚਾਰ ਨੰਬਰ ਨੂੰ ਦਰਸਾਉਂਦਾ ਹੈ। ਇਨ੍ਹਾਂ ਚਾਰ ਨੰਬਰਾਂ ਵਿਚ ਪੁਰਸ਼ਾਂ ਨਾਲ ਡੇਟਿੰਗ, ਸੈਕਸ, ਵਿਆਹ ਅਤੇ ਬੱਚੇ ਵਰਜਿਤ ਹਨ।
ਅਮਰੀਕੀ ਔਰਤਾਂ ਦੇ ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ ‘ਚ ਔਰਤਾਂ ਕਹਿ ਰਹੀਆਂ ਹਨ ਕਿ ਉਹ ਅਗਲੇ ਚਾਰ ਸਾਲਾਂ ਲਈ ਟਰੰਪ ਨੂੰ ਵੋਟ ਦੇਣ ਵਾਲੇ ਅਜਿਹੇ ਪੁਰਸ਼ਾਂ ਤੋਂ ਦੂਰ ਰਹਿਣਗੀਆਂ।
ਇਸ ਵਾਰ ਅਮਰੀਕਾ ‘ਚ ਵੱਡੀ ਪੱਧਰ ‘ਤੇ ਔਰਤਾਂ ਕਮਲਾ ਹੈਰਿਸ ਨੂੰ ਜਿੱਤਾਉਣਾ ਚਾਹੁੰਦੀਆਂ ਸਨ। ਪਰ ਅਜਿਹਾ ਨਹੀਂ ਹੋ ਸਕਿਆ। ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੀ ਦੌੜ ‘ਚ ਕਮਲਾ ਹੈਰਿਸ ਨੂੰ ਹਰਾਇਆ। ਟਰੰਪ ਦਾ ਅਕਸ ਅਮਰੀਕਾ ਸਮੇਤ ਪੂਰੀ ਦੁਨੀਆਂ ‘ਚ ਔਰਤਾਂ ਵਿਰੋਧੀ ਹੈ। ਉਸ ਖ਼ਿਲਾਫ਼ ਔਰਤਾਂ ਦੇ ਸ਼ੋਸ਼ਣ ਦੇ ਦਰਜਨ ਤੋਂ ਵੱਧ ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਹਨ। ਉਹ ਅਕਸਰ ਔਰਤਾਂ ਨੂੰ ਲੈ ਕੇ ਵਿਵਾਦਿਤ ਟਿੱਪਣੀਆਂ ਕਰਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਅਮਰੀਕਾ ‘ਚ ਗਰਭਪਾਤ ਕਾਨੂੰਨ ਨੂੰ ਲੈ ਕੇ ਟਰੰਪ ਦੇ ਰੁਖ ਤੋਂ ਔਰਤਾਂ ਵੀ ਖੁਸ਼ ਨਹੀਂ ਹਨ। ਅਜਿਹੇ ‘ਚ ਉਹ ਚਾਹੁੰਦੀ ਸੀ ਕਿ ਟਰੰਪ ਇਸ ਵਾਰ ਚੋਣਾਂ ਨਾ ਜਿੱਤਣ।