+1-916-320-9444 (USA)
#AMERICA

ਟਰੰਪ ਨੂੰ ਝਟਕਾ; ਅਮਰੀਕੀ ਅਦਾਲਤ ਵੱਲੋਂ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੇ ਹੁਕਮ ‘ਤੇ ਰੋਕ

ਸੈਨ ਫਰਾਂਸਿਸਕੋ, 31 ਮਈ (ਪੰਜਾਬ ਮੇਲ)- ਅਮਰੀਕਾ ਦੀ ਇੱਕ ਅਪੀਲੀ ਅਦਾਲਤ ਨੇ ਕੈਲੀਫੋਰਨੀਆ ਦੇ ਇੱਕ ਜੱਜ ਦੇ ਉਸ ਹੁਕਮ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਸੰਘੀ ਕਰਮਚਾਰੀਆਂ ਵਿਚ ਕਟੌਤੀ ਕਰਨ ਦੇ ਹੁਕਮ ਨੂੰ ਰੋਕ ਦਿੱਤਾ ਸੀ। ਇਸਦਾ ਮਤਲਬ ਹੈ ਕਿ ਸਰਕਾਰੀ ਕੁਸ਼ਲਤਾ ਵਿਭਾਗ (DOGE) ਦੁਆਰਾ ਸਿਫਾਰਸ਼ ਕੀਤੀ ਗਈ ਕਾਰਜਬਲ ਕਟੌਤੀ ਫਿਲਹਾਲ ਮੁਅੱਤਲ ਰਹੇਗੀ।
ਰਿਪਬਲਿਕਨ ਪ੍ਰਸ਼ਾਸਨ ਨੇ ਸਾਨ ਫਰਾਂਸਿਸਕੋ ਅਤੇ ਸ਼ਿਕਾਗੋ ਸਮੇਤ ਕਈ ਸ਼ਹਿਰਾਂ ਅਤੇ ਮਜ਼ਦੂਰ ਯੂਨੀਅਨਾਂ ਦੁਆਰਾ ਦਾਇਰ ਮੁਕੱਦਮੇ ਵਿਚ ਸਾਨ ਫਰਾਂਸਿਸਕੋ ਦੀ ਜੱਜ ਸੂਜ਼ਨ ਇਲਸਟਨ ਦੁਆਰਾ ਜਾਰੀ ਹੁਕਮ ‘ਤੇ ਤੁਰੰਤ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ। ਜੱਜ ਨੇ ਆਪਣੇ ਹੁਕਮ ਵਿਚ ਇਹ ਸਵਾਲ ਉਠਾਇਆ ਕਿ ਕੀ ਟਰੰਪ ਪ੍ਰਸ਼ਾਸਨ ਦੀ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੀ ਕੋਸ਼ਿਸ਼ ਕਾਨੂੰਨੀ ਤੌਰ ‘ਤੇ ਸਹੀ ਹੈ। ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਵੋਟਰਾਂ ਨੇ ਉਨ੍ਹਾਂ ਨੂੰ ਸੰਘੀ ਸਰਕਾਰ ਦਾ ਪੁਨਰਗਠਨ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਉਨ੍ਹਾਂ ਨੇ ਅਮਰੀਕੀ ਅਰਬਪਤੀ ਐਲੋਨ ਮਸਕ ਨੂੰ DOGE ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਜਾਂ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਕਿੰਨੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ, ਇਸਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ, ਪਰ ਅਜਿਹੇ ਕਰਮਚਾਰੀਆਂ ਦੀ ਗਿਣਤੀ ਘੱਟੋ-ਘੱਟ 75,000 ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ, ਹਜ਼ਾਰਾਂ ਪ੍ਰੋਬੇਸ਼ਨਰੀ ਕਰਮਚਾਰੀਆਂ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ।