-ਟਰੰਪ ਈਰਾਨ ‘ਤੇ ਕਰਨਗੇ ਦੁਬਾਰਾ ਹਮਲਾ!
ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਕੋਈ ਹੋਰ ਕਾਰਵਾਈ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨੂੰ ਸ਼ੁੱਕਰਵਾਰ ਨੂੰ ਸੰਸਦ ਦੇ ਉੱਚ ਸਦਨ ਸੈਨੇਟ ‘ਚ ਰੱਦ ਕਰ ਦਿੱਤਾ ਗਿਆ। ਟਰੰਪ ਦੀ ਰਿਪਬਲਿਕਨ ਪਾਰਟੀ ਨੇ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ਪ੍ਰਸਤਾਵ ਦਾ ਵਿਰੋਧ ਕੀਤਾ। ਸੈਨੇਟ ਮੈਂਬਰ ਟਿਮ ਕੇਨ ਦੇ ਇਸ ਪ੍ਰਸਤਾਵ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਟਰੰਪ ਨੂੰ ਈਰਾਨ ਵਿਰੁੱਧ ਕੋਈ ਹੋਰ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੰਸਦ ਦੀ ਪ੍ਰਵਾਨਗੀ ਲੈਣੀ ਪਵੇਗੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਈਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਦੁਬਾਰਾ ਬੰਬਾਰੀ ਕਰਨਗੇ ਤਾਂ ਟਰੰਪ ਨੇ ਕਿਹਾ, ”ਬਿਲਕੁਲ, ਬਿਨਾਂ ਕਿਸੇ ਝਿਜਕ ਦੇ।” ਪ੍ਰਸਤਾਵ ਦਾ ਪਾਸ ਹੋਣਾ ਮੁਸ਼ਕਲ ਮੰਨਿਆ ਜਾ ਰਿਹਾ ਸੀ। ਰਿਪਬਲਿਕਨ ਪਾਰਟੀ ਕੋਲ ਸੈਨੇਟ ਵਿਚ ਬਹੁਮਤ ਹੈ ਅਤੇ 100 ਮੈਂਬਰੀ ਸੈਨੇਟ ਵਿਚ ਇਸਦੇ 53 ਮੈਂਬਰ ਹਨ। ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਈਰਾਨ ‘ਤੇ ਹਮਲਾ ਕਰਨ ਦੇ ਫੈਸਲੇ ਲਈ ਰਾਸ਼ਟਰਪਤੀ ਟਰੰਪ ਦੇ ਨਾਲ ਖੜ੍ਹੇ ਹਨ। ਰਿਪਬਲਿਕਨ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਈਰਾਨ ਇੱਕ ਭਵਿੱਖੀ ਖ਼ਤਰਾ ਬਣ ਗਿਆ ਹੈ, ਜਿਸ ਲਈ ਟਰੰਪ ਤੋਂ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ। ਉਨ੍ਹਾਂ ਨੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਪਿਛਲੇ ਹਫਤੇ ਦੇ ਅੰਤ ਵਿਚ ਤਿੰਨ ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਬੰਬਾਰੀ ਕਰਨ ਦੇ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ।