#EUROPE

ਟਰੰਪ ਦੇ ਬਿਆਨ ‘ਤੇ ਰੂਸ ਨੇ ਤੀਜੇ ਵਿਸ਼ਵ ਯੁੱਧ ਦੀ ਦਿੱਤੀ ਧਮਕੀ!

ਮਾਸਕੋ, 28 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗਬੰਦੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੁਤਿਨ ਇਸ ਲਈ ਤਿਆਰ ਨਹੀਂ ਹਨ। ਹਾਲ ਹੀ ਵਿਚ ਰੂਸ ਵੱਲੋਂ ਯੂਕਰੇਨ ‘ਤੇ ਡਰੋਨ ਹਮਲਿਆਂ ਨੂੰ ਲੈ ਕੇ ਟਰੰਪ ਨੇ ਵਲਾਦੀਮੀਰ ਪੁਤਿਨ ਨੂੰ ਪਾਗਲ ਤੱਕ ਕਿਹਾ ਸੀ। ਟਰੰਪ ਨੇ ਪੁਤਿਨ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਸਾਡੀ ਗੱਲ ਨਾ ਸੁਣ ਕੇ ਉਹ ਅੱਗ ਨਾਲ ਖੇਡ ਰਿਹਾ ਹੈ, ਪਰ ਹੁਣ ਰੂਸ ਨੇ ਟਰੰਪ ਦੀ ਇਸ ਧਮਕੀ ਦਾ ਢੁੱਕਵਾਂ ਜਵਾਬ ਦਿੱਤਾ ਹੈ।
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਡਿਪਟੀ ਚੇਅਰਮੈਨ ਦਮਿਤਰੀ ਮੇਦਵੇਦੇਵ ਨੇ ਕਿਹਾ ਕਿ ਟਰੰਪ ਨੇ ਪੁਤਿਨ ਬਾਰੇ ਕਿਹਾ ਹੈ ਕਿ ਉਹ ਅੱਗ ਨਾਲ ਖੇਡ ਰਹੇ ਹਨ ਅਤੇ ਉਹ ਰੂਸ ਨਾਲ ਕੁਝ ਬੁਰਾ ਕਰ ਸਕਦੇ ਹਨ। ਮੈਨੂੰ ਸਿਰਫ਼ ਇੱਕ ਹੀ ਬੁਰੀ ਗੱਲ ਪਤਾ ਹੈ ਅਤੇ ਉਹ ਹੈ ਤੀਜਾ ਵਿਸ਼ਵ ਯੁੱਧ। ਉਮੀਦ ਹੈ ਕਿ ਟਰੰਪ ਇਸ ਗੱਲ ਨੂੰ ਸਮਝਣਗੇ।
ਇਸ ਬਿਆਨ ਤੋਂ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਅਤੇ ਰੂਸ ਵਿਚਕਾਰ ਸਭ ਕੁਝ ਆਮ ਨਹੀਂ ਹੈ। ਇਸ ਤੋਂ ਪਹਿਲਾਂ ਟਰੰਪ ਨੇ ਪੁਤਿਨ ‘ਤੇ ਵਰ੍ਹਦਿਆਂ ਕਿਹਾ ਸੀ ਕਿ ਵਲਾਦੀਮੀਰ ਪੁਤਿਨ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਮੈਂ ਉੱਥੇ ਨਾ ਹੁੰਦਾ, ਤਾਂ ਹੁਣ ਤੱਕ ਰੂਸ ਨਾਲ ਬਹੁਤ ਬੁਰਾ ਹਾਲ ਹੋ ਚੁੱਕਾ ਹੁੰਦਾ। ਮੇਰਾ ਮਤਲਬ ਹੈ ਸੱਚਮੁੱਚ, ਬਹੁਤ ਬੁਰਾ। ਉਹ ਅੱਗ ਨਾਲ ਖੇਡ ਰਿਹਾ ਹੈ। ਟਰੰਪ ਪਹਿਲਾਂ ਵੀ ਪੁਤਿਨ ਨੂੰ ਪਾਗਲ ਕਹਿ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਸੀ ਕਿ ਮੈਂ ਪੁਤਿਨ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਹਾਂ, ਸਾਡੇ ਸਬੰਧ ਚੰਗੇ ਰਹੇ ਹਨ। ਪਰ ਹੁਣ ਉਹ ਰਾਕੇਟ ਦਾਗ਼ ਰਹੇ ਹਨ, ਸ਼ਹਿਰਾਂ ‘ਤੇ ਹਮਲਾ ਕਰ ਰਹੇ ਹਨ, ਲੋਕਾਂ ਨੂੰ ਮਾਰ ਰਹੇ ਹਨ। ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਸ ਆਦਮੀ ਨੂੰ ਕੀ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਅਤੇ ਉਹ ਕੀਵ ਅਤੇ ਹੋਰ ਸ਼ਹਿਰਾਂ ‘ਤੇ ਮਿਜ਼ਾਈਲਾਂ ਦੀ ਬਾਰਿਸ਼ ਕਰ ਰਿਹਾ ਹੈ। ਇਹ ਸਭ ਗਲਤ ਹੈ। ਮੈਨੂੰ ਇਹ ਸਭ ਬਿਲਕੁਲ ਵੀ ਪਸੰਦ ਨਹੀਂ ਹੈ।
ਉੱਧਰ ਪੱਛਮੀ ਦੇਸ਼ਾਂ ਨੇ ਵੀ ਪੁਤਿਨ ‘ਤੇ ਜਾਣਬੁੱਝ ਕੇ ਸ਼ਾਂਤੀ ਵਾਰਤਾ ਵਿਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਰੂਸ ਨੇ ਹਾਲ ਹੀ ਵਿਚ ਅਮਰੀਕਾ ‘ਤੇ ਕੂਟਨੀਤਕ ਹੱਲ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਹੈ।