#OTHERS

ਟਰੰਪ ਦੇ ਦਬਾਅ ਕਾਰਨ ਮੈਕਸੀਕੋ ਨੇ 37 ਖ਼ਤਰਨਾਕ ਨਸ਼ਾ ਸਮੱਗਲਰਾਂ ਨੂੰ ਅਮਰੀਕਾ ਹਵਾਲੇ ਕੀਤਾ

ਮੈਕਸੀਕੋ ਸਿਟੀ, 22 ਜਨਵਰੀ (ਪੰਜਾਬ ਮੇਲ)-ਮੈਕਸੀਕੋ ਨੇ ਨਸ਼ਾ ਸਮੱਗਲਰ ਗਿਰੋਹਾਂ ਦੇ 37 ਹੋਰ ਮੈਂਬਰਾਂ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਹੱਦ ਪਾਰ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੱਖ-ਵੱਖ ਸਰਕਾਰਾਂ ‘ਤੇ ਦਬਾਅ ਵਧਾ ਰਿਹਾ ਹੈ।
ਮੈਕਸੀਕੋ ਦੇ ਸੁਰੱਖਿਆ ਮੰਤਰੀ ਉਮਰ ਗਾਰਸੀਆ ਹਾਰਫੁਚ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦੱਸਿਆ ਕਿ ਅਮਰੀਕਾ ਭੇਜੇ ਗਏ ਇਹ ਲੋਕ ‘ਸ਼ਾਤਿਰ ਅਪਰਾਧੀ’ ਸਨ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਅਸਲ ਖ਼ਤਰਾ ਬਣੇ ਹੋਏ ਸਨ। ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਹੱਥਕੜੀਆਂ ਲੱਗੇ ਕੈਦੀਆਂ ਨੂੰ ਭਾਰੀ ਹਥਿਆਰਾਂ ਨਾਲ ਲੈਸ ਨਕਾਬਪੋਸ਼ ਸੁਰੱਖਿਆ ਕਰਮਚਾਰੀਆਂ ਨੇ ਘੇਰਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਫੌਜੀ ਜਹਾਜ਼ ਵਿਚ ਚੜ੍ਹਾਇਆ ਜਾ ਰਿਹਾ ਹੈ।
ਸੁਰੱਖਿਆ ਮੰਤਰੀ ਅਨੁਸਾਰ, ਮੈਕਸੀਕੋ ਹੁਣ ਤੱਕ ਕੁੱਲ 92 ਲੋਕਾਂ ਨੂੰ ਅਮਰੀਕਾ ਭੇਜ ਚੁੱਕਾ ਹੈ। ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਇਹ ਤੀਜੀ ਵਾਰ ਹੈ, ਜਦੋਂ ਮੈਕਸੀਕੋ ਨੇ ਹਿਰਾਸਤ ਵਿਚ ਲਏ ਗਏ ਸਮੱਗਲਰਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਧਦੇ ਦਬਾਅ ਅਤੇ ਧਮਕੀਆਂ ਦੇ ਸਾਹਮਣੇ ਚੁੱਕ ਰਿਹਾ ਹੈ। ਹਾਲਾਂਕਿ, ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਨਿਆਂ ਮੰਤਰਾਲੇ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।