ਕੀਵ, 22 ਜੁਲਾਈ (ਪੰਜਾਬ ਮੇਲ)- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਦੌਰਾਨ ਪਹਿਲੀ ਵਾਰ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਹੁਣ ਰੂਸ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਅਸਾਧਾਰਨ ਤੌਰ ‘ਤੇ ਨਰਮ ਲਹਿਜ਼ੇ ‘ਚ ਇਹ ਇੱਛਾ ਪ੍ਰਗਟਾਈ। ਜ਼ੇਲੇਂਸਕੀ ਨੇ ਸੁਝਾਅ ਦਿੱਤਾ ਕਿ ਰੂਸ ਨੂੰ ਅਗਲੇ ਸ਼ਾਂਤੀ ਸੰਮੇਲਨ ਲਈ ਇੱਕ ਵਫ਼ਦ ਭੇਜਣਾ ਚਾਹੀਦਾ ਹੈ।
ਜ਼ੈਲੇਂਸਕੀ ਨੇ ਕਿਹਾ ਕਿ ਅਗਲਾ ਸ਼ਾਂਤੀ ਸੰਮੇਲਨ ਨਵੰਬਰ ‘ਚ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ‘ਚ ਹੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਜ਼ੈਲੇਂਸਕੀ ਦੇ ਰਵੱਈਏ ਵਿਚ ਇਹ ਤਬਦੀਲੀ ਕਿੰਨੀ ਮਹੱਤਵਪੂਰਨ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੂਨ ਵਿਚ ਸਵਿਟਜ਼ਰਲੈਂਡ ਵਿਚ ਹੋਈ ਸ਼ਾਂਤੀ ਸੰਮੇਲਨ ਵਿਚ ਰੂਸ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਜਿਸ ਵਿਚ ਭਾਰਤ ਸਮੇਤ ਦੁਨੀਆਂ ਭਰ ਦੇ 100 ਦੇਸ਼ਾਂ ਨੇ ਹਿੱਸਾ ਲਿਆ ਸੀ। ਸੱਦਾ ਦਿੱਤੇ ਜਾਣ ਤੋਂ ਬਾਅਦ ਵੀ ਚੀਨ ਨੇ ਇਸ ਕਾਨਫਰੰਸ ਵਿਚ ਸ਼ਿਰਕਤ ਨਹੀਂ ਕੀਤੀ। ਹੁਣ ਤੱਕ ਜ਼ੇਲੇਂਸਕੀ ਇਹ ਕਹਿੰਦੇ ਰਹੇ ਹਨ ਕਿ ਕੋਈ ਵੀ ਗੱਲਬਾਤ ਰੂਸੀ ਫੌਜ ਦੀ ਯੂਕਰੇਨ ਤੋਂ ਵਾਪਸੀ ਦੇ ਬਾਅਦ ਹੀ ਹੋ ਸਕਦੀ ਹੈ।
ਜ਼ੈਲੇਂਸਕੀ ਨੇ ਕਿਹਾ ਕਿ ਸਭ ਕੁਝ ਸਾਡੇ ‘ਤੇ ਨਿਰਭਰ ਨਹੀਂ ਕਰਦਾ। ਜੰਗ ਦਾ ਅੰਤ ਸਿਰਫ਼ ਸਾਡੇ ‘ਤੇ ਨਿਰਭਰ ਨਹੀਂ ਕਰਦਾ। ਇਹ ਨਾ ਸਿਰਫ਼ ਸਾਡੇ ਲੋਕਾਂ ਅਤੇ ਸਾਡੀ ਇੱਛਾ ‘ਤੇ ਨਿਰਭਰ ਕਰਦਾ ਹੈ, ਸਗੋਂ ਆਰਥਿਕ ਸਥਿਤੀ, ਹਥਿਆਰਾਂ ਦੀ ਸਪਲਾਈ ਅਤੇ ਯੂਰਪੀਅਨ ਯੂਨੀਅਨ, ਨਾਟੋ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਰਾਜਨੀਤਿਕ ਸਮਰਥਨ ‘ਤੇ ਵੀ ਨਿਰਭਰ ਕਰਦਾ ਹੈ।