#AMERICA

ਟਰੰਪ ਦੀ ਭਾਰਤ ਨੂੰ ਟੈਰਿਫ ਦੀ ਧਮਕੀ ‘ਚੂਹੇ ਦਾ ਹਾਥੀ ਨੂੰ ਮੁੱਕਾ ਮਾਰਨ ਦੇ ਬਰਾਬਰ’ : ਅਮਰੀਕੀ ਅਰਥਸ਼ਾਸਤਰੀ

ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)- ਦੁਨੀਆਂ ਦੇ ਦੇਸ਼ਾਂ ‘ਚ ਟਰੰਪ ਟੈਰਿਫ ਦੇ ਬਵਾਲ ਵਿਚਾਲੇ ਅਮਰੀਕੀ ਅਰਥਸ਼ਾਸਤਰੀ ਰਿਚਰਡ ਵਾਲਫ ਨੇ ਅਮਰੀਕਾ ਦੀ ਆਰਥਿਕ ਨੀਤੀ ਦੀ ਸਖਤ ਆਲੋਚਨਾ ਕੀਤੀ ਹੈ। ਰਿਚਰਡ ਵਾਲਫ ਨੇ ਭਾਰਤ ‘ਤੇ 50 ਫੀਸਦੀ ਟੈਰਿਫ ਲਾਏ ਜਾਣ ‘ਤੇ ਅਮਰੀਕਾ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਰਤ ਖਿਲਾਫ ਅਮਰੀਕਾ ਬੇਹੱਦ ਸਖਤ ਤਰੀਕੇ ਨਾਲ ਪੇਸ਼ ਆ ਰਿਹਾ ਹੈ ਪਰ ਅਸਲ ‘ਚ ਉਹ ਆਪਣੇ ਹੀ ਪੈਰ ‘ਤੇ ਕੁਹਾੜੀ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਭਾਰਤ ਨੂੰ ਇਹ ਦੱਸਣਾ ਕਿ ਉਸ ਨੂੰ ਕੀ ਕਰਨਾ ਹੈ, ਅਜਿਹਾ ਹੈ ਜਿਵੇਂ ਚੂਹੇ ਦਾ ਹਾਥੀ ਨੂੰ ਮੁੱਕਾ ਮਾਰਨਾ ਹੈ। ਅਮਰੀਕਾ ਦੇ ਇਸ ਕਦਮ ਨੇ ਬ੍ਰਿਕਸ ਨੂੰ ਪੱਛਮ ਲਈ ਇਕ ਆਰਥਿਕ ਬਦਲ ਦੇ ਰੂਪ ‘ਚ ਉਭਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਭਾਰਤ ਨੂੰ ਰੂਸ ਤੋਂ ਦੂਰੀ ਬਣਾਉਣ ਲਈ ਦਬਾਅ ਪਾਇਆ ਪਰ ਭਾਰਤ ਨਹੀਂ ਝੁਕਿਆ ਪਰ ਉਹ ਕਿਉਂ ਝੁਕੇਗਾ? ਕਿਉਂਕਿ ਕਿਸ ਤੋਂ ਤੇਲ ਖਰੀਦਣਾ ਹੈ, ਇਹ ਤੈਅ ਕਰਨ ਦਾ ਅਧਿਕਾਰ ਅਮਰੀਕਾ ਨੂੰ ਨਹੀਂ ਹੈ।
ਰਿਚਰਡ ਨੇ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ‘ਚ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਹੈ। ਜੇਕਰ ਅਮਰੀਕਾ ਭਾਰਤ ਲਈ ਆਪਣੇ ਰਸਤੇ ਬੰਦ ਕਰ ਦਿੰਦਾ ਹੈ ਤਾਂ ਭਾਰਤ ਆਪਣੀ ਬਰਾਮਦ ਲਈ ਹੋਰ ਥਾਵਾਂ ਲੱਭ ਲਵੇਗਾ ਅਤੇ ਇਹ ਕਦਮ ਬ੍ਰਿਕਸ ਦੇਸ਼ਾਂ ਨੂੰ ਹੋਰ ਮਜ਼ਬੂਤ ਕਰੇਗਾ।
ਉਨ੍ਹਾਂ ਕਿਹਾ ਕਿ ਟਰੰਪ ਦਾ ਇਹ ਕਦਮ ਉਨ੍ਹਾਂ ‘ਤੇ ਹੀ ਭਾਰੀ ਪੈਂਦਾ ਦਿਸ ਰਿਹਾ ਹੈ ਕਿਉਂਕਿ ਭਾਰਤ ਆਬਾਦੀ ਅਤੇ ਆਰਥਿਕ ਵਿਕਾਸ ਦੇ ਮਾਮਲੇ ‘ਚ ਇਕ ਤਾਕਤਵਰ ਦੇਸ਼ ਹੈ, ਜੋ ਇਸ ਤਰ੍ਹਾਂ ਦੇ ਦਬਾਅ ਦੇ ਸਾਹਮਣੇ ਝੁਕੇਗਾ ਨਹੀਂ।
ਰਿਚਰਡ ਵਾਲਫ ਨੇ ਕਿਹਾ ਕਿ ਜਿਸ ਤਰ੍ਹਾਂ ਰੂਸ ਨੇ ਆਪਣਾ ਤੇਲ ਖਰੀਦਣ ਅਤੇ ਵੇਚਣ ਲਈ ਇਕ ਹੋਰ ਸਥਾਨ ਲੱਭ ਲਿਆ ਹੈ, ਉਸੇ ਤਰ੍ਹਾਂ ਭਾਰਤ ਵੀ ਹੁਣ ਬਰਾਮਦ ਅਮਰੀਕਾ ਨੂੰ ਨਹੀਂ, ਸਗੋਂ ਬਾਕੀ ਬ੍ਰਿਕਸ ਦੇਸ਼ਾਂ ਨੂੰ ਕਰੇਗਾ।