ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਅਗਲੇ ਸਾਲ ਅਮਰੀਕਾ ਵਿਚ ਉਪ-ਚੋਣਾਂ ਹੋਣ ਜਾ ਰਹੀਆਂ ਹਨ। ਇਸ ਸੂਚੀ ਵਿਚ ਉੱਤਰੀ ਕੈਰੋਲੀਨਾ ਸੀਟ ਦਾ ਨਾਂ ਵੀ ਸ਼ਾਮਲ ਹੈ, ਜਿਸ ਨੂੰ ਸੰਸਦ ਦੀ ਇਕ ਮਹੱਤਵਪੂਰਨ ਸੀਟ ਮੰਨਿਆ ਜਾਂਦਾ ਹੈ। ਉੱਤਰੀ ਕੈਰੋਲੀਨਾ ਨੂੰ ਜਿੱਤਣ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀਆਂ ਵਿਚਕਾਰ ਮੁਕਾਬਲਾ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਦੀ ਨੂੰਹ ਲਾਰਾ ਟਰੰਪ ਆਉਣ ਵਾਲੀਆਂ ਉਪ-ਚੋਣਾਂ ਵਿਚ ਇਥੋਂ ਚੋਣ ਲੜ ਸਕਦੀ ਹੈ। ਟਰੰਪ ਦਾ ਕਹਿਣਾ ਹੈ ਕਿ ਉੱਤਰੀ ਕੈਰੋਲੀਨਾ ਸੀਟ ਤੋਂ ਲਾਰਾ ਉਨ੍ਹਾਂ ਦੀ ਪਹਿਲੀ ਪਸੰਦ ਹੈ।
ਲਾਰਾ ਟਰੰਪ ਦਾ ਅਸਲੀ ਨਾਂ ਲਾਰਾ ਯੂਨਸਕਾ ਹੈ। ਲਾਰਾ ਦਾ ਜਨਮ ਉੱਤਰੀ ਕੈਰੋਲੀਨਾ ਦੇ ਵਿਲਮਿੰਗਟਨ ਵਿਚ ਹੋਇਆ ਸੀ। 2014 ਵਿਚ ਲਾਰਾ ਨੇ ਡੋਨਾਲਡ ਟਰੰਪ ਦੇ ਦੂਜੇ ਪੁੱਤਰ ਏਰਿਕ ਟਰੰਪ ਨਾਲ ਵਿਆਹ ਕੀਤਾ ਅਤੇ ਉਹ ਲਾਰਾ ਯੂਨਸਕਾ ਤੋਂ ਲਾਰਾ ਟਰੰਪ ਬਣ ਗਈ। ਏਰਿਕ ਨਾਲ ਵਿਆਹ ਤੋਂ ਪਹਿਲਾਂ ਸ਼ਾਇਦ ਹੀ ਕੋਈ ਲਾਰਾ ਨੂੰ ਜਾਣਦਾ ਸੀ ਪਰ ਜਿਵੇਂ ਹੀ ਉਹ ਟਰੰਪ ਪਰਿਵਾਰ ਵਿਚ ਸ਼ਾਮਲ ਹੋਈ, ਲਾਰਾ ਦਾ ਨਾਂ ਅਮਰੀਕਾ ਦੀਆਂ ਮਸ਼ਹੂਰ ਸ਼ਖਸੀਅਤਾਂ ਵਿਚੋਂ ਇਕ ਬਣ ਗਿਆ।
ਹਾਲ ਹੀ ਵਿਚ ਉੱਤਰੀ ਕੈਰੋਲੀਨਾ ਸੀਟ ਲਈ ਲਾਰਾ ਦੇ ਨਾਂ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਲਾਰਾ ਉੱਤਰੀ ਕੈਰੋਲੀਨਾ ਵਿਚ ਵੱਡੀ ਹੋਈ। ਬੇਸ਼ੱਕ ਹੁਣ ਉਹ ਫਲੋਰੀਡਾ ਵਿਚ ਰਹਿੰਦੀ ਹੈ ਪਰ ਉਸ ਦਾ ਅਜੇ ਵੀ ਉੱਤਰੀ ਕੈਰੋਲੀਨਾ ਨਾਲ ਇਕ ਖਾਸ ਸੰਬੰਧ ਹੈ।
2014 ਵਿਚ ਵਿਆਹ ਤੋਂ ਬਾਅਦ ਲਾਰਾ ਨਾ ਸਿਰਫ ਟਰੰਪ ਬ੍ਰਾਂਡ ਦਾ ਹਿੱਸਾ ਬਣੀ, ਸਗੋਂ ਉਸ ਨੇ ਇਸ ਦੀ ਸ਼ਾਨ ਵਿਚ ਵੀ ਵਾਧਾ ਕੀਤਾ। 2016 ਵਿਚ ਜਦੋਂ ਟਰੰਪ ਨੇ ਰਾਸ਼ਟਰਪਤੀ ਚੋਣ ਵਿਚ ਖੜ੍ਹੇ ਹੋਣ ਦਾ ਫੈਸਲਾ ਕੀਤਾ ਤਾਂ ਇਹ ਲਾਰਾ ਸੀ, ਜਿਸ ਨੇ ਟਰੰਪ ਦੇ ਡਿਜੀਟਲ ਵੀਡੀਓ ਬਣਾਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਨ੍ਹਾਂ ਦਾ ਪ੍ਰਚਾਰ ਕੀਤਾ। ਜਦੋਂ ਲਾਰਾ ਜੋ ਵਿਆਹ ਤੋਂ ਪਹਿਲਾਂ ਇਕ ਟੀ.ਵੀ. ਰਿਪੋਰਟਰ ਸੀ, ਨੇ ਟਰੰਪ ਦੀ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਇਕ ਖਾਸ ਤਰੀਕੇ ਨਾਲ ਪੇਸ਼ ਕੀਤਾ ਤਾਂ ‘ਟਰੰਪ ਫਸਟ’ ਦੀ ਲਹਿਰ ਅਮਰੀਕਾ ਵਿਚ ਫੈਲ ਗਈ।
ਜਦੋਂ ਡੋਨਾਲਡ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮੈਦਾਨ ਵਿਚ ਉਤਰੇ ਤਾਂ ਲਾਰਾ ਨੇ ਇਕ ਵਾਰ ਫਿਰ ਚੋਣ ਮੁਹਿੰਮ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਲਾਰਾ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੀ ਉਪ-ਪ੍ਰਧਾਨ ਸੀ। ਲਾਰਾ ਨੇ ਫੌਕਸ ਨਿਊਜ਼ ਸ਼ੋਅ ਸ਼ੁਰੂ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।
ਜੇਕਰ ਲਾਰਾ ਸੱਚਮੁੱਚ ਇਸ ਸੀਟ ਤੋਂ ਸਿਆਸੀ ਪਿੜ ਵਿਚ ਨਿਤਰਦੀ ਹੈ ਤਾਂ ਉਸ ਨੂੰ ਟਰੰਪ ਦੇ ਸਮਰਥਕਾਂ ਦਾ ਪੂਰਾ ਸਮਰਥਨ ਵੀ ਮਿਲ ਸਕਦਾ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਨੇ ਇਸ ਨੂੰ ਭਾਈ-ਭਤੀਜਾਵਾਦ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਲਾਰਾ ਨੂੰ ਟਿਕਟ ਦੇ ਕੇ ਭਾਈ-ਭਤੀਜਾਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ।
ਟਰੰਪ ਦੀ ਨੂੰਹ ਲਾਰਾ ਉੱਤਰੀ ਕੈਰੋਲੀਨਾ ਤੋਂ ਲੜ ਸਕਦੀ ਹੈ ਉਪ-ਚੋਣ
