#AMERICA

ਟਰੰਪ ਦੀ ਟੈਰਿਫ ਧਮਕੀ ਤੋਂ ਬਾਅਦ ਚੀਨ ਆਪਣੀ ਕਰੰਸੀ ਦੀ ਕੀਮਤ ਘਟਾਉਣ ‘ਤੇ ਕਰ ਰਿਹੈ ਵਿਚਾਰ

ਵਾਸ਼ਿੰਗਟਨ, 13 ਦਸੰਬਰ (ਪੰਜਾਬ ਮੇਲ)- ਚੋਣ ਜਿੱਤਣ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਉਣਗੇ। ਟਰੰਪ ਅਮਰੀਕਾ ‘ਚ ਹਰ ਤਰ੍ਹਾਂ ਦੇ ਆਯਾਤ ‘ਤੇ 10% ਅਤੇ ਚੀਨੀ ਦਰਾਮਦਾਂ ‘ਤੇ 60% ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਕਾਰਨ ਚੀਨੀ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਚੀਨ ਆਪਣੀ ਕਰੰਸੀ ਦੀ ਕੀਮਤ ਘਟਾਉਣ ‘ਤੇ ਵਿਚਾਰ ਕਰ ਰਿਹਾ ਹੈ।
ਜੇਕਰ ਚੀਨੀ ਮੁਦਰਾ ਯੁਆਨ ਕਮਜ਼ੋਰ ਹੁੰਦੀ ਹੈ, ਤਾਂ ਅਮਰੀਕਾ ਨੂੰ ਚੀਨ ਦਾ ਨਿਰਯਾਤ ਮੁਕਾਬਲਤਨ ਸਸਤਾ ਰਹੇਗਾ, ਜਿਸ ਨਾਲ ਚੀਨੀ ਬਰਾਮਦਕਾਰਾਂ ‘ਤੇ ਟੈਰਿਫ ਦਾ ਪ੍ਰਭਾਵ ਘੱਟ ਜਾਵੇਗਾ। ਚੀਨ ਆਪਣੀ ਮੁਦਰਾ ਨੀਤੀ ਨੂੰ ਲੈ ਕੇ ਬਹੁਤ ਸਖਤ ਹੈ ਅਤੇ ਅਜਿਹਾ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਹੋਇਆ ਹੈ ਕਿ ਚੀਨ ਨੇ ਆਪਣੀ ਮੁਦਰਾ ਨੀਤੀ ਨੂੰ ਲੈ ਕੇ ਨਰਮ ਬਿਆਨ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਕੁਝ ਚੀਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਉਹ ਅਗਲੇ ਸਾਲ ਦੇ ਆਰਥਿਕ ਵਿਕਾਸ ‘ਤੇ ਅਮਰੀਕੀ ਟੈਰਿਫ ਦੇ ਪ੍ਰਭਾਵ ਨੂੰ ਘਟਾਉਣ ਲਈ ਜੋ ਵੀ ਜ਼ਰੂਰੀ ਉਪਾਅ ਕਰਨਗੇ। ਕਮਿਊਨਿਸਟ ਪਾਰਟੀ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ, ਅਧਿਕਾਰੀਆਂ ਨੇ ਕਿਹਾ ਕਿ ਉਹ ‘ਉਚਿਤ ਢਿੱਲੀ ਮੁਦਰਾ ਨੀਤੀ’ ਅਤੇ ਵਿੱਤੀ ਉਪਾਵਾਂ ‘ਤੇ ਵਿਚਾਰ ਕਰਨਗੇ।
ਪਿਛਲੇ 14 ਸਾਲਾਂ ਤੋਂ ਚੀਨ ਦੇ ਕੇਂਦਰੀ ਬੈਂਕ ਦੁਆਰਾ ਅਪਣਾਏ ਗਏ ਰੁਖ ਕਾਰਨ ਚੀਨ ਦਾ ਕੁੱਲ ਕਰਜ਼ਾ 5 ਗੁਣਾ ਤੋਂ ਵੱਧ ਵਧ ਗਿਆ ਹੈ। ਇਸ ਸਮੇਂ ਦੌਰਾਨ, ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਲਗਭਗ ਤਿੰਨ ਗੁਣਾ ਵਧਿਆ ਹੈ। ਪੋਲਿਟ ਬਿਊਰੋ ਘੱਟ ਹੀ ਨੀਤੀਗਤ ਯੋਜਨਾਵਾਂ ਦਾ ਵੇਰਵਾ ਦਿੰਦਾ ਹੈ, ਪਰ ਇਸ ਦੇ ਰੁਖ ਵਿਚ ਬਦਲਾਅ ਸੁਝਾਅ ਦਿੰਦਾ ਹੈ ਕਿ ਚੀਨ ਆਪਣੇ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਹੋਰ ਕਰਜ਼ ਲੈਣ ਲਈ ਤਿਆਰ ਹੈ। ਸਟੈਂਡਰਡ ਚਾਰਟਰਡ ਵਿਚ ਗ੍ਰੇਟਰ ਚਾਈਨਾ ਅਤੇ ਉੱਤਰੀ ਏਸ਼ੀਆ ਦੇ ਮੁੱਖ ਅਰਥ ਸ਼ਾਸਤਰੀ ਸ਼ੁਆਂਗ ਡਿੰਗ ਦਾ ਕਹਿਣਾ ਹੈ, ‘ਚੀਨ ਆਪਣੀ ਨੀਤੀ ਵਿਚ ਢਿੱਲ ਦੇਣ ਬਾਰੇ ਸੋਚ ਰਿਹਾ ਹੈ, ਜੋ ਕਿ ਇੱਕ ਵੱਡਾ ਬਦਲਾਅ ਹੈ। ਇਸ ਨਾਲ ਹੋਰ ਚੀਜ਼ਾਂ ਲਈ ਵੀ ਰਾਹ ਖੁੱਲ੍ਹ ਗਿਆ ਹੈ। ਪੇਕਿੰਗ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਟੈਂਗ ਯਾਓ ਦਾ ਕਹਿਣਾ ਹੈ ਕਿ ਚੀਨ ਲਈ ਆਪਣੀ ਨੀਤੀ ਨੂੰ ਬਦਲਣਾ ਜ਼ਰੂਰੀ ਹੈ ਕਿਉਂਕਿ ਜੇਕਰ ਉਸ ਦੀ ਵਿਕਾਸ ਦਰ ਘੱਟ ਜਾਂਦੀ ਹੈ ਤਾਂ ਉਸ ਲਈ ਕਰਜ਼ਾ ਮੋੜਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।