#CANADA

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਸਰਕਾਰ ਹਾਈ ਅਲਰਟ ‘ਤੇ!

ਕੈਨੇਡਾ ਨੂੰ ਡਰ; ਵੱਡੀ ਗਿਣਤੀ ‘ਚ ਸ਼ਰਨਾਰਥੀ ਅਮਰੀਕਾ ਛੱਡ ਆ ਸਕਦੇ ਨੇ ਕੈਨੇਡਾ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਸਰਕਾਰ ਹਾਈ ਅਲਰਟ ‘ਤੇ ਹੈ। ਦਰਅਸਲ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਨੂੰ ਡਰ ਹੈ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀ ਅਮਰੀਕਾ ਛੱਡ ਕੇ ਕੈਨੇਡਾ ਆ ਸਕਦੇ ਹਨ। ਇਹੀ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਆਪਣੀਆਂ ਸਰਹੱਦਾਂ ‘ਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੀ ਚੋਣ ਮੁਹਿੰਮ ਦੌਰਾਨ ਡੋਨਾਲਡ ਟਰੰਪ ਨੇ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਚੁਣੇ ਜਾਣ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢਣ ਦਾ ਵਾਅਦਾ ਵੀ ਕੀਤਾ ਸੀ।
ਹੁਣ ਜਦੋਂ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ, ਤਾਂ ਕੈਨੇਡਾ ਨੂੰ ਡਰ ਹੈ ਕਿ ਟਰੰਪ ਦੇ ਡਰ ਕਾਰਨ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਕੇ ਕੈਨੇਡਾ ਆ ਸਕਦੇ ਹਨ। ਕੈਨੇਡੀਅਨ ਸਰਕਾਰ ਨੂੰ ਡਰ ਹੈ ਕਿ ਅਮਰੀਕਾ ਵਿਚ ਪ੍ਰਵਾਸੀ ਵਿਰੋਧੀ ਮਾਹੌਲ ਕਾਰਨ ਉਨ੍ਹਾਂ ਦੇ ਦੇਸ਼ ਵਿਚ ਸ਼ਰਣ ਲੈਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਧ ਸਕਦੀ ਹੈ। ਕੈਨੇਡੀਅਨ ਪੁਲਿਸ ਅਧਿਕਾਰੀ ਨੇ ਕਿਹਾ, ‘ਅਸੀਂ ਹਾਈ ਅਲਰਟ ‘ਤੇ ਹਾਂ। ਸਾਡੀ ਸਭ ਦੀਆਂ ਨਜ਼ਰਾਂ ਸਰਹੱਦ ‘ਤੇ ਹਨ ਕਿ ਕੀ ਹੋਣ ਜਾ ਰਿਹਾ ਹੈ… ਕਿਉਂਕਿ ਅਸੀਂ ਜਾਣਦੇ ਹਾਂ ਕਿ ਇਮੀਗ੍ਰੇਸ਼ਨ ‘ਤੇ ਟਰੰਪ ਦੇ ਸਖ਼ਤ ਰੁਖ਼ ਕਾਰਨ ਕੈਨੇਡਾ ਵਿਚ ਗੈਰ-ਕਾਨੂੰਨੀ ਅਤੇ ਅਨਿਯਮਿਤ ਪ੍ਰਵਾਸ ਵਿਚ ਵਾਧਾ ਹੋ ਸਕਦਾ ਹੈ।”
ਕੈਨੇਡਾ ਲਈ ਸਮੱਸਿਆ ਇਹ ਹੈ ਕਿ ਅਮਰੀਕਾ ਅਤੇ ਕੈਨੇਡਾ ਦੀਆਂ ਸਰਹੱਦਾਂ ਬਹੁਤ ਵੱਡੇ ਖੇਤਰ ਨੂੰ ਕਵਰ ਕਰਦੀਆਂ ਹਨ। ਅਜਿਹੇ ‘ਚ ਪੂਰੀ ਸਰਹੱਦ ‘ਤੇ ਨਜ਼ਰ ਰੱਖਣੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨਾ ਕੈਨੇਡਾ ਸਰਕਾਰ ਲਈ ਕਾਫੀ ਮੁਸ਼ਕਿਲ ਕੰਮ ਹੋਣ ਵਾਲਾ ਹੈ। ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀ ਸ਼ੁੱਕਰਵਾਰ ਨੂੰ ਇਸ ਮੁੱਦੇ ‘ਤੇ ਮੰਤਰੀਆਂ ਨਾਲ ਮੀਟਿੰਗ ਕੀਤੀ। ਮੰਤਰੀਆਂ ਦੇ ਇਸ ਸਮੂਹ ਨੂੰ ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਵੱਖ-ਵੱਖ ਮੁੱਦਿਆਂ ‘ਤੇ ਸਹਿਮਤੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਹੱਦ ਪਾਰ ਤੋਂ ਪ੍ਰਵਾਸੀਆਂ ਦੀ ਆਮਦ ‘ਤੇ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।