#CANADA

ਟਰੰਪ ਦੀ ਗ਼ੈਰ-ਹਾਜ਼ਰੀ ਕਾਰਨ ਮਹੱਤਵਪੂਰਨ ਸਾਂਝੇ ਸਮਝੌਤੇ ‘ਤੇ ਪਹੁੰਚਣ ‘ਚ ਅਸਫ਼ਲ ਰਿਹਾ ਜੀ-7

ਕੈਨਾਨਾਸਕਿਸ (ਕੈਨੇਡਾ),  19 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਾਣ ਤੋਂ ਬਾਅਦ 7 ਦੇਸ਼ਾਂ ਦੇ ਸਮੂਹ ਵਾਲੇ ਜੀ-7 ‘ਚੋਂ ਛੇ ਨੇਤਾਵਾਂ ਨੇ ਯੂਕਰੇਨ ‘ਚ ਰੂਸ ਦੀ ਜੰਗ ਤੇ ਇਜ਼ਰਾਈਲ-ਈਰਾਨ ਟਕਰਾਅ ‘ਤੇ ਚਰਚਾ ਕੀਤੀ ਪਰ ਉਕਤ ਤੇ ਹੋਰ ਬਹੁਤ ਸਾਰੇ ਪ੍ਰਮੁੱਖ ਮੁੱਦਿਆਂ ‘ਤੇ ਵੱਡੇ ਸਮਝੌਤਿਆਂ ‘ਤੇ ਪਹੁੰਚਣ ‘ਚ ਅਸਫਲ ਰਹੇ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਯੂ.ਕੇ., ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਨ੍ਹਾਂ ਦੇ ਹਮਰੁਤਬਾ ਮੰਗਲਵਾਰ ਦੇ ਅੰਤਿਮ ਸੈਸ਼ਨਾਂ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਤੇ ਨਾਟੋ ਮੁਖੀ ਮਾਰਕ ਰੁਟੇ ਨਾਲ ਸ਼ਾਮਲ ਹੋਏ। ਸੰਮੇਲਨ ਦੌਰਾਨ ਹੋਰ ਮੁੱਦਿਆਂ ‘ਤੇ ਸਹਿਮਤੀ ਸੀ, ਪਰ ਹਾਲਾਂਕਿ ਇਹ ਸਿਖਰ ਸੰਮੇਲਨ ਪ੍ਰਮੁੱਖ ਵਿਸ਼ਵ-ਵਿਆਪੀ ਚਿੰਤਾਵਾਂ ‘ਤੇ ਏਕਤਾ ਦਿਖਾਉਣ ਲਈ ਸੀ, ਇਸ ਦੇ ਬਾਵਜੂਦ ਯੂਕਰੇਨ ‘ਚ ਟਕਰਾਅ ‘ਤੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਕ ਸੀਨੀਅਰ ਕੈਨੇਡੀਅਨ ਅਧਿਕਾਰੀ, ਜਿਸ ਨੇ ਸਿਖਰ ਸੰਮੇਲਨ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ, ਨੇ ਕਿਹਾ ਕਿ ਰੂਸ-ਯੂਕਰੇਨ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਅਮਰੀਕਾ ਨੇ ਯੂਕਰੇਨ ‘ਤੇ ਇਕ ਸਾਂਝੇ ਬਿਆਨ ਦਾ ਵਿਰੋਧ ਕੀਤਾ। ਅਧਿਕਾਰੀ ਨੇ ਕਿਹਾ ਕਿ ਇਹ ਸੋਮਵਾਰ ਨੂੰ ਸਿਖਰ ਸੰਮੇਲਨ ਦੇ ਪਹਿਲੇ ਦਿਨ ਹੀ ਸਪੱਸ਼ਟ ਹੋ ਗਿਆ ਸੀ ਕਿ ਕੋਈ ਸਾਂਝਾ ਬਿਆਨ ਨਹੀਂ ਹੋਵੇਗਾ।
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਈਰਾਨ ‘ਚ ਸ਼ਾਸਨ ਤਬਦੀਲੀ ਲਈ ਦਬਾਅ ਪਾਉਣ ਵਾਲੀਆਂ ਅਮਰੀਕਾ ਤੇ ਹੋਰ ਸ਼ਕਤੀਆਂ ਵਿਰੁੱਧ ਚਿਤਾਵਨੀ ਦਿੱਤੀ, ਸੁਝਾਅ ਦਿੱਤਾ ਕਿ ਇਹ ਵੱਡੇ ਮੱਧ ਪੂਰਬ ਨੂੰ ਅਸਥਿਰ ਕਰ ਸਕਦਾ ਹੈ। ਕਾਰਨੀ ਨੇ ਮੰਗਲਵਾਰ ਸ਼ਾਮ ਨੂੰ ਆਪਣੀਆਂ ਅੰਤਿਮ ਟਿੱਪਣੀਆਂ ‘ਚ ਕਿਹਾ ਕਿ ਟਰੰਪ ਮੱਧ ਪੂਰਬ ‘ਚ ਅਸਾਧਾਰਨ ਸਥਿਤੀ ਕਾਰਨ ਸੰਮੇਲਨ ਤੋਂ ਜਲਦੀ ਚਲੇ ਗਏ। ਉਨ੍ਹਾਂ ਦਾ ਜਲਦੀ ਜਾਣਾ ਸੰਮੇਲਨ ‘ਚ ਵਾਪਰੀ ਕਿਸੇ ਵੀ ਚੀਜ਼ ਬਾਰੇ ਨਹੀਂ ਹੈ।