#Featured

ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀ ਧਮਕੀ ”ਅਸਲੀ”: ਜਸਟਿਨ ਟਰੂਡੋ

ਓਟਾਵਾ, 8 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀ ਧਮਕੀ ”ਅਸਲੀ” ਹੈ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਵਿਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਵਿਚ ਕਾਰੋਬਾਰੀ ਆਗੂਆਂ ਨੂੰ ਇਹ ਗੱਲ ਕਹੀ। ਟਰੂਡੋ ਨੇ ਕਿਹਾ ਕਿ ਟਰੰਪ ਦੀ ਧਮਕੀ ਕੈਨੇਡਾ ਦੀ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਤੋਂ ਪ੍ਰੇਰਿਤ ਹੋ ਸਕਦੀ ਹੈ। ਰਿਪੋਰਟ ਵਿਚ ਕੈਨੇਡੀਅਨ ਪੀ.ਐੱਮ. ਦੇ ਹਵਾਲੇ ਨਾਲ ਕਿਹਾ ਗਿਆ, ”ਅਮਰੀਕੀ ਰਾਸ਼ਟਰਪਤੀ ਦੇ ਮਨ ਵਿਚ ਇਹ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਾਡੇ ਦੇਸ਼ ਨੂੰ ਆਪਣੇ ਵਿਚ ਸ਼ਾਮਲ ਕਰਨਾ ਅਤੇ ਇਹ ਇੱਕ ਅਸਲੀ ਗੱਲ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਇਸ ਲਈ ਅੱਗੇ ਵਧ ਰਹੇ ਹਨ ਕਿਉਂਕਿ ਅਮਰੀਕਾ ਨੂੰ ਕੈਨੇਡਾ ਦੇ ਮਹੱਤਵਪੂਰਨ ਖਣਿਜ ਸਰੋਤਾਂ ਤੋਂ ਲਾਭ ਮਿੱਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਨੇ ਕੈਨੇਡਾ ਤੋਂ ਆਯਾਤ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਜਵਾਬ ਵਿਚ ਕੈਨੇਡਾ ਨੇ 155 ਬਿਲੀਅਨ ਕੈਨੇਡੀਅਨ ਡਾਲਰ (107 ਬਿਲੀਅਨ ਡਾਲਰ) ਮੁੱਲ ਦੇ ਅਮਰੀਕੀ ਸਮਾਨ ‘ਤੇ 25 ਫੀਸਦੀ ਟੈਰਿਫ ਲਗਾ ਦਿੱਤਾ। ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਭਾਰੀ ਟੈਰਿਫਾਂ ਤੋਂ ਬਚਣਾ ਚਾਹੁੰਦਾ ਹੈ, ਤਾਂ ਉਹ ਅਮਰੀਕਾ ਦਾ 51ਵਾਂ ਰਾਜ ਬਣ ਸਕਦਾ ਹੈ। ਹਾਲਾਂਕਿ, ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਪ੍ਰਸਤਾਵਿਤ ਟੈਰਿਫ ਨੂੰ ਘੱਟੋ-ਘੱਟ 30 ਦਿਨਾਂ ਲਈ ਰੋਕ ਦਿੱਤਾ।
ਟਰੂਡੋ ਵੱਲੋਂ ਕੈਨੇਡੀਅਨ ਸਰਹੱਦ ‘ਤੇ ਸੁਰੱਖਿਆ ਮਜ਼ਬੂਤ ਕਰਨ ਦੀ ਵਚਨਬੱਧਤਾ ਤੋਂ ਬਾਅਦ, ਟਰੰਪ ਨੇ ਪ੍ਰਸਤਾਵਿਤ ਟੈਰਿਫਾਂ ਨੂੰ ਘੱਟੋ-ਘੱਟ ਇੱਕ ਮਹੀਨੇ ਲਈ ਰੋਕਣ ਦਾ ਐਲਾਨ ਕੀਤਾ। ਟਰੰਪ ਨਾਲ ਗੱਲਬਾਤ ਤੋਂ ਬਾਅਦ, ਟਰੂਡੋ ਨੇ ਕਿਹਾ ਕਿ ਕੈਨੇਡਾ ਆਪਣੀ ਪਹਿਲਾਂ ਐਲਾਨੀ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰੇਗਾ। ਉਨ੍ਹਾਂ ਨੇ ਇਸ ਦੇ ਨਾਲ ਹੀ ਇੱਕ ‘ਫੈਂਟਾਨਿਲ ਜ਼ਾਰ’ ਨਿਯੁਕਤ ਕਰਨ ਅਤੇ ਡਰੱਗ ਕਾਰਟੈਲ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ। ਟਰੰਪ ਕਾਫ਼ੀ ਸਮੇਂ ਤੋਂ ਕੈਨੇਡਾ ਪ੍ਰਤੀ ਹਮਲਾਵਰ ਰਵੱਈਆ ਅਪਣਾ ਰਹੇ ਹਨ। ਉਹ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਬਾਰੇ ਗੱਲ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਕਈ ਮੌਕਿਆਂ ‘ਤੇ ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ‘ਕੈਨੇਡਾ ਦੇ ਮਹਾਨ ਰਾਜ ਦਾ ਗਵਰਨਰ’ ਕਿਹਾ ਹੈ।