#AMERICA

ਟਰੰਪ ਦੀ ਉਮੀਦਵਾਰੀ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

-ਖੋਸਲਾ ਨੇ ਕਮੀਆਂ ਅਤੇ ਮਸਕ ਨੇ ਖੂਬੀਆਂ ਗਿਣਾਈਆਂ
ਨਿਊਯਾਰਕ, 23 ਜੁਲਾਈ (ਪੰਜਾਬ ਮੇਲ)- ਟੈੱਕ ਅਰਬਪਤੀ ਐਲਨ ਮਸਕ ਤੇ ਭਾਰਤੀ ਅਮਰੀਕੀ ਪੂੰਜੀਪਤੀ ਵਿਨੋਦ ਖੋਸਲਾ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਟਰੰਪ (78) ਨੇ ਲਗਾਤਾਰ ਤੀਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਵੀਰਵਾਰ ਰਾਤ ਨੂੰ ਪਾਰਟੀ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਸੀ। ਉਧਰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਪਿਛਲੇ ਮਹੀਨੇ ਰਿਪਬਲਿਕਨ ਉਮੀਦਵਾਰ ਟਰੰਪ ਨਾਲ ਬਹਿਸ ਦੌਰਾਨ ਢਿੱਲੀ ਕਾਰਗੁਜ਼ਾਰੀ ਮਗਰੋਂ ਬਾਇਡਨ ‘ਤੇ ਖਾਸਾ ਦਬਾਅ ਸੀ। ਬਾਇਡਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੇਂ ਡੈਮੋਕਰੈਟਿਕ ਉਮੀਦਵਾਰ ਵਜੋਂ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕੀਤੀ ਹੈ।

ਵਿਨੋਦ ਖੋਸਲਾ

ਖੋਸਲਾ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਉਸ ਲਈ ਟਰੰਪ ਜਿਹੇ ਰਿਪਬਲਿਕਨ ਦੀ ਹਮਾਇਤ ਕਰਨਾ ਮੁਸ਼ਕਲ ਹੈ, ਜਿਸ ਦੀਆਂ ਕੋਈ ‘ਕਦਰਾਂ ਕੀਮਤਾਂ ਨਹੀਂ ਹਨ, ਝੂਠ ਬੋਲਦਾ ਹੈ, ਧੋਖਾਧੜੀ ਕਰਦਾ ਹੈ, ਜਿਸ ‘ਤੇ ਬਲਾਤਕਾਰ ਦੇ ਦੋਸ਼ ਹਨ, ਜਿਸ ਨੇ ਮਹਿਲਾਵਾਂ ਦਾ ਮਾਣ ਸਤਿਕਾਰ ਘਟਾਇਆ’ ਅਤੇ ਉਨ੍ਹਾਂ ਵਾਂਗ ‘ਪ੍ਰਵਾਸੀਆਂ ਨੂੰ ਨਫ਼ਰਤ’ ਕਰਦਾ ਹੈ। ਖੋਸਲਾ ਨੇ ਕਿਹਾ, ”ਉਹ ਸ਼ਾਇਦ ਮੇਰੇ ਟੈਕਸਾਂ ਨੂੰ ਘਟਾ ਸਕਦਾ ਹੈ ਜਾਂ ਕੁਝ ਨੇਮਾਂ ਵਿਚ ਕਟੌਤੀ ਕਰ ਸਕਦਾ ਹੈ, ਪਰ ਇਹ ਉਸ ਦੀਆਂ ਕਦਰਾਂ ਕੀਮਤਾਂ ਵਿਚ ਬਦਚਲਣੀ ਨੂੰ ਸਵੀਕਾਰ ਕਰਨ ਦਾ ਕੋਈ ਕਾਰਨ ਨਹੀਂ ਹੈ। ਕੀ ਤੁਸੀਂ ਅਜਿਹਾ ਰਾਸ਼ਟਰਪਤੀ ਚਾਹੁੰਦੇ ਹੋ, ਜੋ ਆਪਣੇ ਪਹਿਲੇ ਸਾਲ ਵਿਚ ਵਾਤਾਵਰਨ ਨੂੰ ਇਕ ਦਹਾਕੇ ਦੀ ਸੱਟ ਮਾਰ ਸਕਦਾ ਹੈ? ਕੀ ਤੁਸੀਂ ਆਪਣੇ ਬੱਚਿਆਂ ਲਈ ਕਦਰਾਂ-ਕੀਮਤਾਂ ਵਜੋਂ ਉਸ ਦੀ ਮਿਸਾਲ ਚਾਹੁੰਦੇ ਹੋ?”
ਉਧਰ ਮਸਕ ਨੇ ਖੋਸਲਾ ਦੀ ਪੋਸਟ ਦੇ ਜਵਾਬ ਵਿਚ ਕਿਹਾ ਕਿ ਟਰੰਪ ‘ਤੁਹਾਨੂੰ ਨਫ਼ਰਤ ਨਹੀਂ ਕਰਦਾ। ਅਸਲ ਵਿਚ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ। ਉਸ ਨੂੰ ਮਿਲੋ ਤੇ ਆਪਣੇ ਲਈ ਉਸ ਨੂੰ ਫਰੋਲੋ।” ਟੈਸਲਾ ਤੇ ਸਪੇਸਐੱਕਸ ਦੇ ਸੀ.ਈ.ਓ. ਮਸਕ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਟਰੰਪ ਵਿਚ ਕੋਈ ਖਾਮੀ ਨਹੀਂ ਹੈ। ਮਸਕ ਨੇ ਕਿਹਾ, ”ਤੁਸੀਂ ਮੀਡੀਆ ਵਿਚ ਕਿੰਨੀ ਵਾਰ ਕੁਝ ਪੜ੍ਹਿਆ ਹੈ, ਜਿੱਥੇ ਤੁਸੀਂ ਅਸਲ ਕਹਾਣੀ ਨੂੰ ਜਾਣਦੇ ਹੋ, ਪਰ ਜੋ ਉਨ੍ਹਾਂ ਨੇ ਛਾਪਿਆ ਉਹ ਪੂਰੀ ਤਰ੍ਹਾਂ ਝੂਠ ਸੀ? ਖੈਰ, ਸਿਆਸਤ ਵਿਚ ਇਹ ਬਹੁਤ ਮਾੜਾ ਹੈ, ਜੋ ਕਿ ਇੱਕ ਖੂਨੀ ਖੇਡ ਹੈ… ਕਈ ਸਾਲ ਪਹਿਲਾਂ, ਇਹ ਡੈਮੋਕਰੇਟਿਕ ਪਾਰਟੀ ਸੀ, ਪਰ ਹੁਣ ਪੈਂਡੂਲਮ (ਕਾਂਟਾ) ਰਿਪਬਲਿਕਨ ਪਾਰਟੀ ਵੱਲ ਝੁਕ ਰਿਹਾ ਹੈ।” ਖੋਸਲਾ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਮੀਡੀਆ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਸੀਲੀਕਾਨ ਵੈਲੀ ਦੇ ਸਿਖਰਲੇ ਨਿਵੇਸ਼ਕ ਨੇ ਕਿਹਾ, ”ਮੈਂ ਸਮਾਜਿਕ ਤੌਰ ‘ਤੇ ਲਿਬਰਲ ਜੋ ਵਿੱਤੀ ਤੌਰ ‘ਤੇ ਰਿਪਬਲਿਕਨਾਂ ਨਾਲ ਰਜਿਸਟਰਡ ਸੀ, ਪਰ ਵਾਤਾਵਰਨ ਦੇ ਮੁੱਦੇ ਨੇ ਮੈਨੂੰ ਸੁਤੰਤਰ ਬਣਨ ਲਈ ਮਜਬੂਰ ਕੀਤਾ।”