#EUROPE

ਟਰੰਪ ਦੀਆਂ ਵਿਦਿਆਰਥੀ ਵੀਜ਼ਾ ਪਾਬੰਦੀਆਂ ਨਾਲ ਅਮਰੀਕਾ ਨੂੰ ਝਟਕਾ

-ਸਖ਼ਤ ਵੀਜ਼ਾ ਨਿਯਮਾਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਥਿਤੀ ਚੁਣੌਤੀਪੂਰਨ ਹੋਈ
ਲੰਡਨ, 7 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਥਿਤੀ ਚੁਣੌਤੀਪੂਰਨ ਹੋ ਗਈ ਹੈ। ਚੀਨ ‘ਚ ਵੀਜ਼ਾ ਇੰਟਰਵਿਊ ਦੇ ਲੰਬਿਤ ਸਮੇਂ ਨੇ ਕਈ ਵਿਦਿਆਰਥੀਆਂ ਨੂੰ ਅਮਰੀਕਾ ਦੀ ਪੜ੍ਹਾਈ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਉਥੇ ਹੀ ਹਾਂਗਕਾਂਗ ਦੀਆਂ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਦੀਆਂ ਤਬਦੀਲੀ ਅਪੀਲਾਂ ਦੀ ਵਧਦੀ ਗਿਣਤੀ ਨਾਲ ਨਜਿੱਠ ਰਹੀਆਂ ਹਨ ਅਤੇ ਬਰਤਾਨੀਆ ‘ਚ ਅੰਡਰਗ੍ਰੈਜੂਏਟ ਕੋਰਸਾਂ ਲਈ ਅੰਤਰਰਾਸ਼ਟਰੀ ਅਪੀਲਾਂ ਵੱਧ ਰਹੀਆਂ ਹਨ। ਲੰਡਨ ਤੋਂ ਰਿਪੋਰਟ ਅਨੁਸਾਰ ਚੀਨ ‘ਚ ਅਮਰੀਕਾ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ ਦਾ ਇੰਤਜ਼ਾਰ ਇੰਨਾ ਲੰਮਾ ਹੋ ਗਿਆ ਹੈ ਕਿ ਕਈ ਵਿਦਿਆਰਥੀ ਵੀਜ਼ਾ ਮਿਲਣ ਤੋਂ ਪਹਿਲਾਂ ਹੀ ਉਮੀਦ ਛੱਡ ਚੁੱਕੇ ਹਨ। ਉਥੇ ਹੀ ਹਾਂਗਕਾਂਗ ਦੀ ਯੂਨੀਵਰਸਿਟੀ ਅਮਰੀਕਾ ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਤਬਦੀਲੀ ਅਪੀਲਾਂ ਲਗਾਤਾਰ ਪ੍ਰਾਪਤ ਕਰ ਰਹੀ ਹੈ। ਬਰਤਾਨੀਆ ਦੇ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਅੰਤਰਰਾਸ਼ਟਰੀ ਅਪੀਲਾਂ ‘ਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਟਰੰਪ ਸਰਕਾਰ ਨੇ ਅਮਰੀਕਾ ਦੇ ਕਾਲਜਾਂ ‘ਤੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦਾ ਦਬਾਅ ਵਧਾਇਆ ਹੈ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਜਾਂਚ ਪਰਖ ਦੀ ਪ੍ਰਕਿਰਿਆ ਵੀ ਸਖ਼ਤ ਕਰ ਦਿੱਤੀ ਹੈ। ਸਰਕਾਰ ਨੇ ਕੁਝ ਵਿਦਿਆਰਥੀਆਂ ਨੂੰ ਰਾਜਨੀਤਿਕ ਗਤੀਵਿਧੀਆਂ ਕਾਰਨ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਤੇ ਕਈ ਵਿਦਿਆਰਥੀਆਂ ਦਾ ਵੈਧ ਵੀਜ਼ਾ ਅਚਾਨਕ ਰੱਦ ਕਰ ਦਿੱਤਾ। ਹਾਲਾਂਕਿ ਅਮਰੀਕਾ ਅਜੇ ਵੀ ਕਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ, ਪਰ ਇਸ ਸਖ਼ਤ ਨੀਤੀ ਦੇ ਚਲਦੇ ਵਿਦਿਆਰਥੀ ਹੁਣ ਬਰਤਾਨੀਆ, ਹਾਂਗਕਾਂਗ, ਸਿੰਗਾਪੁਰ ਤੇ ਮਲੇਸ਼ੀਆ ਵਰਗੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ। ਰਿਪੋਰਟ ਅਨੁਸਾਰ ਅਮਰੀਕਾ ‘ਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ‘ਚ 30 ਤੋਂ 40 ਫੀਸਦੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਕਰੀਬ 7 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਵਿਦਿਆਰਥੀਆਂ ਲਈ ਬਰਤਾਨੀਆ ਦੂਸਰੇ ਸਭ ਤੋਂ ਹਰਮਨਪਿਆਰੇ ਦੇਸ਼ ਵਜੋਂ ਉਭਰ ਰਿਹਾ ਹੈ। ਚੀਨ ਦੇ ਵਿਦਿਆਰਥੀਆਂ ‘ਚ ਹਾਂਗਕਾਂਗ, ਸਿੰਗਾਪੁਰ ਤੇ ਮਲੇਸ਼ੀਆ ਦੀਆਂ ਯੂਨੀਵਰਸਿਟੀਆਂ ‘ਚ ਦਾਖਲੇ ਦੀ ਤੇਜ਼ੀ ਨਾਲ ਮੰਗ ਵਧੀ ਹੈ।