ਅਮਰੀਕਾ ਤੇ ਯੂਰਪ ‘ਚ ਤਾਨਾਸ਼ਾਹੀ ਵਿਰੋਧੀ ਰੈਲੀਆਂ
ਸੇਂਟ ਪੌਲ (ਅਮਰੀਕਾ), 30 ਮਾਰਚ (ਪੰਜਾਬ ਮੇਲ)- ਅਮਰੀਕਾ ਤੇ ਯੂਰਪ ਦੇ ਇਲਾਕਿਆਂ ‘ਚ ਤਾਨਾਸ਼ਾਹੀ ਵਿਰੋਧੀ ਰੈਲੀਆਂ ‘ਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈ ਕੇ ਇਰਾਨ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਅਮਰੀਕਾ ਦਾ ਮਿਨੀਸੋਟਾ ਸੂਬਾ ਇਸ ਸੰਘਰਸ਼ ਦਾ ਮੁੱਖ ਕੇਂਦਰ ਬਣ ਕੇ ਉਭਰਿਆ ਹੈ, ਜਿੱਥੇ ਹਜ਼ਾਰਾਂ ਲੋਕਾਂ ਨੇ ਇਕਜੁੱਟਤਾ ਦਿਖਾਉਂਦਿਆਂ ਟਰੰਪ ਦੀਆਂ ਸਖ਼ਤ ਪਰਵਾਸ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਸੇਂਟ ਪੌਲ ਦੇ ਕੈਪੀਟਲ ਲਾਅਨ ‘ਚ ਕੀਤੀ ਮੁੱਖ ਰੈਲੀ ਵਿਚ ਮਸ਼ਹੂਰ ਗਾਇਮ ਬਰੂਸ ਸਪ੍ਰਿੰਗਸਟੀਨ ਵੀ ਸ਼ਾਮਲ ਹੋਏ। ਬਰੂਸ ਤੇ ਹੋਰ ਬੁਲਾਰਿਆਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਸੜਕਾਂ ‘ਤੇ ਉਤਰ ਕੇ ਅਮਰੀਕੀ ਪਰਵਾਸ ਏਜੰਸੀ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸੂਬੇ ਦੇ ਲੋਕਾਂ ਦੀ ਸ਼ਲਾਘਾ ਕੀਤੀ। ਬਰੂਸ ਸਪ੍ਰਿੰਗਸਟੀਨ ਨੇ ਫੈਡਰਲ ਏਜੰਟਾਂ ਦੀ ਗੋਲੀਬਾਰੀ ‘ਚ ਰਿਨੀ ਗੁੱਡ ਅਤੇ ਐਲੇਕਸ ਪ੍ਰੈੱਟੀ ਦੀ ਮੌਤ ‘ਤੇ ਰੋਸ ਜ਼ਾਹਿਰ ਕਰਦਿਆਂ ਆਪਣਾ ਗੀਤ ‘ਸਟ੍ਰੀਟਸ ਆਫ ਮਿਨੇਪੋਲਿਸ’ ਗਾਇਆ।
ਉਨ੍ਹਾਂ ਲੋਕਾਂ ਨੂੰ ਕਿਹਾ, ”ਤੁਹਾਡੀ ਤਾਕਤ ਤੇ ਪ੍ਰਤੀਬੱਧਤਾ ਨੇ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਇਹ ਹੁਣ ਵੀ ਉਹੀ ਦੇਸ਼ ਹੈ ਅਤੇ ਭਿਆਨਕ ਰੂੜ੍ਹੀਵਾਦੀ ਦੌਰ ਤੇ ਅਮਰੀਕੀ ਸ਼ਹਿਰਾਂ ‘ਚ ਅਜਿਹੀ ਕਾਰਵਾਈ ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗੀ।” 85 ਲੱਖ ਦੀ ਅਬਾਦੀ ਵਾਲੇ ਨਿਊਯਾਰਕ ਸ਼ਹਿਰ ਤੋਂ ਲੈ ਕੇ ਦੋ ਹਜ਼ਾਰ ਤੋਂ ਵੀ ਘੱਟ ਆਬਾਦੀ ਬਾਰੇ ਡ੍ਰਿਗਜ਼ ਕਸਬੇ ਤੱਕ ਲੋਕ ਸੜਕਾਂ ‘ਤੇ ਉਤਰ ਆਏ। ਵਾਸ਼ਿੰਗਟਨ ‘ਚ ਹਜ਼ਾਰਾਂ ਲੋਕਾਂ ਨੇ ਲਿੰਕਨ ਮੈਮੋਰੀਅਲ ਤੇ ਨੈਸ਼ਨਲ ਮਾਲ ਰੋਡ ਤੱਕ ਰੋਸ ਮਾਰਚ ਕੀਤੇ।
ਅਮਰੀਕਾ ਤੋਂ ਇਲਾਵਾ ਯੂਰਪ, ਲਾਤੀਨੀ ਅਮਰੀਕਾ, ਲੰਡਨ ਅਤੇ ਆਸਟ੍ਰੇਲੀਆ ਸਮੇਤ ਘੱਟੋ-ਘੱਟ 12 ਮੁਲਕਾਂ ‘ਚ ਵੀ ਰੋਸ ਮੁਜ਼ਾਹਰੇ ਹੋਏ। ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੀ ਜਥੇਬੰਦੀ ‘ਇੰਡੀਵਿਜ਼ੀਬਲ’ ਦੇ ਸਹਿ-ਕਾਰਜਕਾਰੀ ਨਿਰਦੇਸ਼ਕ ਐਜ਼ਰਾ ਲੈਵਿਨ ਅਨੁਸਾਰ ਜਮਹੂਰੀ ਮੁਲਕਾਂ ‘ਚ ਲੋਕ ਇਨ੍ਹਾਂ ਪ੍ਰਦਰਸ਼ਨਾਂ ਨੂੰ ‘ਕੋਈ ਤਾਨਾਸ਼ਾਹ ਨਹੀਂ’ ਦੇ ਨਾਂ ਨਾਲ ਜਾਣਦੇ ਹਨ। ਰੋਮ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰੇ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਮੁਜ਼ਾਹਰੇ ਹਾਲਾਂਕਿ ਸ਼ਾਂਤਮਈ ਰਹੇ ਪਰ ਪੁਲਿਸ ਨੇ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਵੀ ਕੀਤੀ ਹੈ। ਉੱਧਰ, ਵ੍ਹਾਈਟ ਹਾਊਸ ਦੇ ਬੁਲਾਰੇ ਅਬੀਗਾਇਲ ਜੈਕਸਨ ਨੇ ਇਨ੍ਹਾਂ ਰੋਸ ਵਿਖਾਵਿਆਂ ਨੂੰ ‘ਖੱਬੇ ਪੱਖੀਆਂ ਤੋਂ ਫੰਡ ਪ੍ਰਾਪਤ’ ਗਤੀਵਿਧੀ ਕਰਾਰ ਦਿੱਤਾ ਹੈ।
ਟਰੰਪ ਦੀਆਂ ਨੀਤੀਆਂ ਅਤੇ ਇਰਾਨ ਜੰਗ ਖ਼ਿਲਾਫ਼ ਲੋਕ ਸੜਕਾਂ ‘ਤੇ ਉਤਰੇ

