#AMERICA

ਟਰੰਪ ਦਾ ਦਾਅਵਾ; ਰੂਸ ਤੇ ਚੀਨ ਦੇ ਮਨ ‘ਚ ਅਮਰੀਕਾ ਤੋਂ ਬਿਨਾਂ ਨਾਟੋ ਦਾ ਕੋਈ ਡਰ ਨਹੀਂ

-ਨਾਟੋ ਦੇਸ਼ਾਂ ਨੂੰ ਵੀ ਦੇ ਦਿੱਤੀ ਸਿੱਧੀ ਚਿਤਾਵਨੀ
ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਅਤੇ ਵਿਸ਼ਵ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਬਿਆਨ ਜਾਰੀ ਕੀਤਾ ਹੈ। ‘ਦਿ ਡੀਜੇਟੀ ਡਾਕਟਰੀਨ: ਨਾਟੋ ਐਂਡ ਗਲੋਬਲ ਸਕਿਓਰਿਟੀ’ ਦੇ ਹਵਾਲੇ ਨਾਲ ਸਾਹਮਣੇ ਆਏ ਇਸ ਬਿਆਨ ਵਿਚ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ ਨਾਟੋ ਦੇਸ਼ ਆਪਣੇ ਹਿੱਸੇ ਦਾ ਪੂਰਾ ਭੁਗਤਾਨ ਕਰ ਰਹੇ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਨਾਟੋ ਦੇਸ਼ ਆਪਣੀ ਜੀ.ਡੀ.ਪੀ. ਦਾ ਸਿਰਫ਼ 2 ਫੀਸਦੀ ਖਰਚ ਕਰ ਰਹੇ ਸਨ ਅਤੇ ਆਪਣੇ ਬਿੱਲਾਂ ਦਾ ਭੁਗਤਾਨ ਵੀ ਨਹੀਂ ਕਰ ਰਹੇ ਸਨ, ਜਦਕਿ ਅਮਰੀਕਾ ਮੂਰਖਤਾਪੂਰਵਕ ਉਨ੍ਹਾਂ ਦਾ ਖਰਚਾ ਚੁੱਕ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਖਰਚੇ ਨੂੰ ਵਧਾ ਕੇ 5 ਫੀਸਦੀ ਜੀ.ਡੀ.ਪੀ. ਤੱਕ ਪਹੁੰਚਾਇਆ ਹੈ ਅਤੇ ਹੁਣ ਸਾਰੇ ਦੇਸ਼ ਤੁਰੰਤ ਭੁਗਤਾਨ ਕਰ ਰਹੇ ਹਨ।
ਰਾਸ਼ਟਰਪਤੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਦਖਲ ਨਾ ਦਿੰਦੇ ਤਾਂ ਰੂਸ ਨੇ ਹੁਣ ਤੱਕ ਪੂਰੇ ਯੂਕਰੇਨ ‘ਤੇ ਕਬਜ਼ਾ ਕਰ ਲਿਆ ਹੁੰਦਾ। ਉਨ੍ਹਾਂ ਮੁਤਾਬਕ, ਰੂਸ ਅਤੇ ਚੀਨ ਦੇ ਮਨ ਵਿਚ ਅਮਰੀਕਾ ਤੋਂ ਬਿਨਾਂ ਨਾਟੋ ਦਾ ਕੋਈ ਡਰ ਨਹੀਂ ਹੈ। ਦੁਨੀਆਂ ਦੀਆਂ ਇਹ ਸ਼ਕਤੀਆਂ ਸਿਰਫ਼ ਉਸ ਅਮਰੀਕੀ ਫੌਜ ਦਾ ਸਨਮਾਨ ਅਤੇ ਡਰ ਕਰਦੀਆਂ ਹਨ, ਜਿਸ ਦਾ ਨਿਰਮਾਣ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਹੈ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਕੱਲੇ ਦਮ ‘ਤੇ 8 ਜੰਗਾਂ ਖ਼ਤਮ ਕੀਤੀਆਂ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਉਨ੍ਹਾਂ ਨਾਰਵੇ (ਨਾਟੋ ਮੈਂਬਰ) ‘ਤੇ ਤੰਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ‘ਨੋਬਲ ਸ਼ਾਂਤੀ ਪੁਰਸਕਾਰ’ ਨਹੀਂ ਦਿੱਤਾ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰਾ ਮਕਸਦ ਲੋਕਾਂ ਨੂੰ ਬਚਾਉਣਾ ਸੀ।
ਉਨ੍ਹਾਂ ਨੇ ਨਾਟੋ ਦੀ ਵਫ਼ਾਦਾਰੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੇਕਰ ਅਮਰੀਕਾ ਨੂੰ ਲੋੜ ਪਈ ਤਾਂ ਨਾਟੋ ਦੇਸ਼ ਉਸ ਦੀ ਮਦਦ ਲਈ ਅੱਗੇ ਆਉਣਗੇ। ਫਿਰ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਹਮੇਸ਼ਾ ਨਾਟੋ ਦੇ ਨਾਲ ਖੜ੍ਹਾ ਰਹੇਗਾ। ਅਖੀਰ ਵਿਚ ਉਨ੍ਹਾਂ ਨੇ ਆਪਣੇ ਮਸ਼ਹੂਰ ਨਾਅਰੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਨਾਲ ਆਪਣੀ ਗੱਲ ਖ਼ਤਮ ਕੀਤੀ।