#AMERICA

ਟਰੰਪ ‘ਤੇ ਇਕ ਹੋਰ ਔਰਤ ਨੇ ਲਾਇਆ ਜਿਨਸੀ ਸ਼ੋਸ਼ਣ ਦਾ ਦੋਸ਼

ਨਿਊਯਾਰਕ, 4 ਮਈ (ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਹੋਰ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜੈਸਿਕਾ ਲੀਡਸ (81) ਨੇ ਨਿਊਯਾਰਕ ਵਿਚ ਇਕ ਜਿਊਰੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਟਰੰਪ ਨੇ 1970 ਦੇ ਅਖੀਰ ਵਿਚ ਇਕ ਜਹਾਜ਼ ਵਿਚ ਸਫਰ ਦੌਰਾਨ ਉਸ ਨਾਲ ਅਸ਼ਲੀਲ ਹਰਕਤ ਕੀਤੀ ਸੀ। ਲੀਡਜ਼ ਨੇ ਈ. ਜੀਨ ਕਾਰਲੇਸ ਨਾਂ ਦੀ ਔਰਤ ਦੁਆਰਾ ਟਰੰਪ ਖ਼ਿਲਾਫ਼ ਦਾਇਰ ਕੀਤੇ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਗਵਾਹੀ ਦਿੱਤੀ।
ਕਾਰਲੇਸ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਰਾਸ਼ਟਰਪਤੀ ਨੇ ਮੈਨਹਟਨ ਡਿਪਾਰਟਮੈਂਟਲ ਸਟੋਰ ਵਿਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਟਰੰਪ ਦੇ ਵਕੀਲ ਨੇ ਜਿਊਰੀ ਨੂੰ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਨੇ ਕੇਸ ਬਾਰੇ ਕੁਝ ਵੱਡੇ ਸਵਾਲਾਂ ਦੇ ਜਵਾਬ ਦੇਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਹਲਫ਼ਨਾਮੇ ਰਾਹੀਂ ਆਪਣਾ ਪੱਖ ਰੱਖਿਆ ਹੈ, ਜਿਸ ਦੇ ਕੁਝ ਹਿੱਸੇ ਜਿਊਰੀ ਅੱਗੇ ਸੁਣਾਏ ਜਾ ਸਕਦੇ ਹਨ। ਉੱਤਰੀ ਕੈਰੋਲੀਨਾ ਨਿਵਾਸੀ ਲੀਡਸ ਨੇ ਜਿਊਰੀ ਸਾਹਮਣੇ ਦਿੱਤੀ ਗਵਾਹੀ ਵਿਚ ਕਿਹਾ ਕਿ ਉਹ ਅਤੇ ਟਰੰਪ ਨਿਊਯਾਰਕ ਸਿਟੀ ਲਈ ਜਾਣ ਵਾਲੇ ਇਕ ਜਹਾਜ਼ ਵਿਚ ਨਾਲ-ਨਾਲ ਬੈਠੇ ਸਨ, ਜਦੋਂ ਟਰੰਪ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ। ਲੀਡਜ਼ ਦੇ ਅਨੁਸਾਰ ਕੁਝ ਹੀ ਸਕਿੰਟਾਂ ਬਾਅਦ ਉਸਨੇ ਆਪਣੇ ਆਪ ਨੂੰ ਟਰੰਪ ਦੇ ਚੁੰਗਲ ਤੋਂ ਛੁਡਾ ਲਿਆ ਅਤੇ ਫਿਰ ਪਿਛਲੀ ਸੀਟ ‘ਤੇ ਚਲੀ ਗਈ। ਉਸਨੇ ਕਿਹਾ ਕਿ ”ਕੋਈ ਗੱਲਬਾਤ ਨਹੀਂ ਹੋਈ ਸੀ। ਇਹ ਬਿਲਕੁਲ ਹੈਰਾਨੀਜਨਕ ਸੀ।”
ਉਸ ਨੇ ਦੋਸ਼ ਲਾਇਆ, ”ਟਰੰਪ ਮੈਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਆਪਣੇ ਵੱਲ ਖਿੱਚ ਰਹੇ ਸਨ। ਉਹ ਹੋਰ ਵੀ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਇਉਂ ਜਾਪਦਾ ਸੀ, ਜਿਵੇਂ ਉਸ ਕੋਲ ਅਣਗਿਣਤ ਹੱਥਾਂ ਦੀ ਤਾਕਤ ਸੀ। ਇੰਝ ਲੱਗ ਰਿਹਾ ਸੀ, ਜਿਵੇਂ ਸਾਡੇ ਦੋਵਾਂ ਵਿਚਕਾਰ ਕੋਈ ਸੰਘਰਸ਼ ਹੋ ਰਿਹਾ ਹੋਵੇ।” ਇਸ ਮਾਮਲੇ ‘ਚ ਇਕ ਹੋਰ ਔਰਤ ਦੇ ਵੀ ਟਰੰਪ ਖ਼ਿਲਾਫ਼ ਗਵਾਹੀ ਦੇਣ ਦੀ ਉਮੀਦ ਹੈ। ਹਾਲਾਂਕਿ ਟਰੰਪ ਨੇ ਵੱਖ-ਵੱਖ ਔਰਤਾਂ ਦੁਆਰਾ ਆਪਣੇ ‘ਤੇ ਲਗਾਏ ਜਿਨਸੀ ਸ਼ੋਸ਼ਣ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨੂੰ ਲਗਾਤਾਰ ਨਕਾਰਿਆ ਹੈ। ਉਸ ਦਾ ਦਾਅਵਾ ਹੈ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਉਸ ਦੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ, ਤਾਂ ਜੋ ਉਹ ਵ੍ਹਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਨਾ ਹੋ ਸਕੇ।

Leave a comment