#Featured

ਟਰੰਪ ਖ਼ਿਲਾਫ਼ ਦੇਸ਼ ਭਰ ‘ਚ ਵਧੇ ਵਿਰੋਧ ਪ੍ਰਦਰਸ਼ਨ

ਸੜਕਾਂ ‘ਤੇ ਉਤਰ ਲੋਕਾਂ ਨੇ ਲਾਏ ‘ਨੋ ਕਿੰਗ’ ਦੇ ਨਾਅਰੇ
ਵਾਸ਼ਿੰਗਟਨ, 16 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਹਨ। ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਹੁਣ ਇਹ ਵਿਰੋਧ ਪ੍ਰਦਰਸ਼ਨ ਕਈ ਸ਼ਹਿਰਾਂ ਵਿਚ ਫੈਲ ਗਿਆ ਹੈ। ਸ਼ਨੀਵਾਰ ਨੂੰ ਫਿਲਾਡੇਲਫੀਆ ਵਿਚ ਸੈਂਕੜੇ ਲੋਕ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ‘ਤੇ ਉਤਰ ਆਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਟਰੰਪ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਸੈਂਕੜੇ ਸਮਾਗਮਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਨਿਊਯਾਰਕ, ਡੇਨਵਰ, ਸ਼ਿਕਾਗੋ, ਆਸਟਿਨ ਵਿਚ ਵੀ ਲੋਕਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਖ਼ਿਲਾਫ਼ ਰੋਸ ਮਾਰਚ ਕੱਢੇ।
ਪਿਛਲੇ ਹਫ਼ਤੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਛਾਪੇਮਾਰੀ ਕੀਤੀ ਅਤੇ ਕਈ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ। ਇਸ ਦੇ ਖ਼ਿਲਾਫ਼ ਲਾਸ ਏਂਜਲਸ ਵਿਚ ਹਿੰਸਾ ਭੜਕ ਗਈ। ਹਿੰਸਾ ਕਾਰਨ ਰਾਸ਼ਟਰਪਤੀ ਟਰੰਪ ਨੇ ਲਾਸ ਏਂਜਲਸ ਵਿਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੇ ਆਦੇਸ਼ ਦਿੱਤੇ, ਜਿਸ ਨਾਲ ਲੋਕ ਹੋਰ ਗੁੱਸੇ ਵਿਚ ਆ ਗਏ ਅਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਦੰਗੇ ਅਤੇ ਅੱਗਜ਼ਨੀ ਸ਼ੁਰੂ ਹੋ ਗਈ। ਲਾਸ ਏਂਜਲਸ ‘ਚ ਅਜੇ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ। ਹਾਲਾਂਕਿ ਇਸ ਸਮੇਂ ਸਥਿਤੀ ਆਮ ਹੈ।
ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹੱਥਾਂ ਵਿਚ ਢੋਲ ਲੈ ਕੇ ਨੱਚਦੇ ਦੇਖਿਆ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਵਿਰੋਧੀ ਨਾਅਰੇ ਲਗਾਏ। ਅਟਲਾਂਟਾ ਵਿਚ ਵੀ ਲਗਭਗ 5 ਹਜ਼ਾਰ ਲੋਕ ਇੱਕ ਪ੍ਰੋਗਰਾਮ ਵਿਚ ਸ਼ਾਮਲ ਹੋਏ। ਸ਼ਨੀਵਾਰ ਨੂੰ ਟਰੰਪ ਨੇ ਵਾਸ਼ਿੰਗਟਨ ਵਿਚ ਆਯੋਜਿਤ ਫੌਜੀ ਪਰੇਡ ਵਿਚ ਸ਼ਿਰਕਤ ਕੀਤੀ। ਇਹ ਪਰੇਡ ਫੌਜ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਕੀਤੀ ਗਈ ਸੀ। ਵਾਸ਼ਿੰਗਟਨ ਵਿਚ ਵੀ ਲੋਗਨ ਸਰਕਲ ਵਿਚ ਲਗਭਗ 200 ਲੋਕਾਂ ਨੇ ਟਰੰਪ ਖ਼ਿਲਾਫ਼ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੇ ਵੱਡੇ ਕੱਟਆਊਟ ਬਣਾਏ ਸਨ।
ਵਰਜੀਨੀਆ ਵਿਚ ਇੱਕ ਐੱਸ.ਯੂ.ਵੀ. ਨੇ ਪ੍ਰਦਰਸ਼ਨਕਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇੱਕ 21 ਸਾਲਾ ਨੌਜਵਾਨ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਦਰਸ਼ਨਕਾਰੀਆਂ ਨੇ ‘ਸਾਨੂੰ ਕਿੰਗ ਨਹੀਂ ਚਾਹੀਦਾ’ ਅਤੇ ‘ਮਿੰਨੀ ਮੁਸੋਲਿਨੀ ਨੂੰ ਦੇਸ਼ ਨਿਕਾਲਾ ਦਿਓ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੋਕਤੰਤਰ ਦੀ ਰੱਖਿਆ ਲਈ ਇੱਥੇ ਹਨ। ਕੁਝ ਲੋਕਾਂ ਨੇ ਅਮਰੀਕਾ ਦੀ ਤਰੱਕੀ ਵਿਚ ਪ੍ਰਵਾਸੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਸਰਕਾਰ ਦੀ ਇਮੀਗ੍ਰੇਸ਼ਨ ਵਿਰੋਧੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਕੁਝ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਵਿਚ ਟਰੰਪ ਨੂੰ ਵੋਟ ਦਿੱਤੀ ਸੀ, ਪਰ ਹੁਣ ਉਨ੍ਹਾਂ ਨੂੰ ਇਸ ‘ਤੇ ਪਛਤਾਵਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਵਿਚ ਫਾਸ਼ੀਵਾਦ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ।