#CANADA

ਟਰੂਡੋ ਸਰਕਾਰ ਡੇਗਣ ਦੀ ਇਕ ਹੋਰ ਕੋਸ਼ਿਸ਼ ਨਾਕਾਮ

ਕੰਜ਼ਰਵੇਟਿਵ ਆਗੂ ਪੋਲੀਵਰ ਵੱਲੋਂ ਰੱਖਿਆ ਆਖ਼ਰੀ ਬੇਭਰੋਸਗੀ ਮਤਾ ਵੀ ਹੋਇਆ ਫੇਲ੍ਹ
– ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਮਤੇ ਦਾ ਵਿਰੋਧ
Vancouver, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ ਸਰਕਾਰ ਖਿਲਾਫ਼ ਵਿਰੋਧੀ ਪਾਰਟੀ ਆਗੂ ਪੀਅਰ ਪੋਲੀਵਰ ਵਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਦੋ ਵਾਰ ਅਜਿਹੇ ਬੇਭਰੋਸਗੀ ਮਤੇ ਪੇਸ਼ ਕੀਤੇ ਗਏ ਸਨ, ਪਰ ਕਿਸੇ ਹੋਰ ਪਾਰਟੀ ਵਲੋਂ ਹਮਾਇਤ ਨਾ ਮਿਲਣ ਕਰਕੇ ਇਹ ਕੋਸ਼ਿਸ਼ਾਂ ਠੁੱਸ ਹੋ ਗਈਆਂ। ਪੋਲੀਵਰ ਵੱਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਸੀ ਕਿ ਕਿਉਂਕਿ ਟਰੂਡੋ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੇ N.D.P. ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ‘ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ G.S.T. ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ਵਿਚ ਪੈਨਸ਼ਨ ਆਧਾਰਿਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ।
ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪੋਲੀਵਰ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਲਈ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ। ਕੰਜ਼ਰਵੇਟਿਵ ਆਗੂ ਨੇ ਆਪਣੀ ਇਸ ਕੋਸ਼ਿਸ਼ ਵਿਚ ਅਸਫਲ ਰਹਿਣ ਕਰਕੇ ਆਪਣਾ ਆਖਰੀ ਮੌਕਾ ਵੀ ਗੁਆ ਲਿਆ ਹੈ। ਅਸਲ ਵਿਚ ਕੈਨੇਡਿਆਈ ਅਰਥਚਾਰੇ ਨੂੰ ਦਰਪੇਸ਼ ਮੰਦੀ ਦੇ ਇਸ ਦੌਰ ਵਿਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਹੋਰ ਪਾਰਟੀ ਚੋਣਾਂ ਦੇ ਜ਼ੋਖ਼ਮ ਵਿਚ ਨਹੀਂ ਪੈਣਾ ਚਾਹੁੰਦੀ। ਇਸੇ ਓਹਲੇ ਹੇਠ ਸਰਕਾਰ ਉੱਤੇ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮੰਨਣ ਲਈ ਜ਼ੋਰ ਪਾਇਆ ਜਾ ਰਿਹਾ ਹੈ।
N.D.P. ਆਗੂ ਜਗਮੀਤ ਸਿੰਘ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਵੱਲੋਂ ਖੇਡੀ ਜਾ ਰਹੀ ਕਿਸੇ ਵੀ ਖੇਡ ਦਾ ਹਿੱਸਾ ਨਹੀਂ ਬਣ ਸਕਦੀ। ਜਗਮੀਤ ਵਲੋਂ ਬੇਭਰੋਸਗੀ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ ਸੰਸਦ ਮੈਂਬਰਾਂ ਨੇ ਜੀ.ਐੱਸ.ਟੀ. ਰਾਹਤ ਵਿਚ ਸੋਧਾਂ ਕਰਨ ਵਾਲੇ ਮਤੇ ਦਾ ਵਿਰੋਧ ਕੀਤਾ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੈਡ ਕੌਲਿਨ ਸਮੇਤ ਗਰੀਨ ਪਾਰਟੀ ਨੇ ਇਸ ਦੀ ਹਮਾਇਤ ਕੀਤੀ।