#CANADA

ਟਰੂਡੋ, ਫ੍ਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਦੋ ਵਿਅਕਤੀ ਦੋਸ਼ੀ ਕਰਾਰ

ਐਡਮਿੰਟਨ, 25 ਜੁਲਾਈ (ਪੰਜਾਬ ਮੇਲ)-ਐਡਮਿੰਟਨ ਅਤੇ ਕੈਲਗਰੀ ਦੇ 2 ਵਿਅਕਤੀਆਂ ‘ਤੇ ਪ੍ਰਧਾਨ ਮੰਤਰੀ ਟਰੂਡੋ, ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲੱਗਾ ਹੈ। 10 ਮਈ ਨੂੰ ਮਾਊਂਟੀਜ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋਂ ਮਾਰਨੇ ਦੀ ਧਮਕੀ ਬਾਰੇ ਚੌਕਸ ਕੀਤਾ ਗਿਆ ਸੀ।
23 ਸਾਲਾ ਕੈਲਗਰੀ ਨਿਵਾਸੀ ਮੇਸਨ ਜਾਨ ਬੇਕਰ ‘ਤੇ 6 ਜੂਨ ਨੂੰ ਅਪਰਾਧਿਕ ਸੰਹਿਤਾ ਦੀ ਧਾਰਾ 264.1(1) (ਏ) ਦੇ ਉਲਟ ਕਿਸੇ ਵਿਅਕਤੀ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਇਕ ਵੱਖਰੀ ਜਾਂਚ ‘ਚ ਮਾਊਂਟੀਜ ਨੂੰ 7 ਜੂਨ ਨੂੰ ਪਤਾ ਚੱਲਿਆ ਕਿ ਯੂਟਿਊਬ ਵਰਤੋਂਕਾਰ ਗੈਰੀ ਬੇਲਜੇਵਿਕ (67) ਨੇ ਟਰੂਡੋ, ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਪੋਸਟ ਕੀਤੀ ਸੀ। ਐਡਮਿੰਟਨ ਦੇ ਬੇਲਜੇਵਿਕ ‘ਤੇ 13 ਜੂਨ ਨੂੰ ਬੇਕਰ ਦੇ ਸਮਾਨ ਦੋਸ਼ ਦੇ ਤਿੰਨ ਮਾਮਲਿਆਂ ਵਿਚ ਦੋਸ਼ ਲਗਾਇਆ ਗਿਆ ਸੀ। ਬੇਕਰ ਅਤੇ ਬੇਲਜੇਵਿਕ ਦੋਵੇਂ ਇਸ ਹਫ਼ਤੇ ਆਪਣੇ-ਆਪਣੇ ਸ਼ਹਿਰਾਂ ਵਿਚ ਅਦਾਲਤ ‘ਚ ਪੇਸ਼ ਹੋਣਗੇ।