ਵੈਨਕੂਵਰ, 12 ਜੂਨ (ਪੰਜਾਬ ਮੇਲ)- ਕੈਨੇਡਾ ਦੀਆਂ ਪਿਛਲੀਆਂ ਸੰਸਦੀ ਚੋਣਾਂ ‘ਚ ਵਿਦੇਸ਼ੀ ਦਖ਼ਲ ਮਾਮਲੇ ਦੀ ਜਾਂਚ ਕਮੇਟੀ ਦੇ ਨਿਗਰਾਨ ਤੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਅਸਤੀਫਾ ਦੇ ਦਿੱਤਾ। ਪਿਛਲੇ ਹਫ਼ਤੇ ਉਸ ਨੇ ਸੰਸਦੀ ਦਲ ਵੱਲੋਂ ਬਹੁਮੱਤ ਨਾਲ ਪਾਸ ਕੀਤੇ ਮਤੇ ਨੂੰ ਟਿੱਚ ਜਾਣਦਿਆਂ ਅਹੁਦੇ ‘ਤੇ ਬਣੇ ਰਹਿਣ ਦਾ ਐਲਾਨ ਕੀਤਾ ਸੀ। ਪ੍ਰਿਵੀ ਕੌਂਸਲ ਦਫਤਰ ਨੇ ਵੱਖਰੇ ਪੱਤਰ ਰਾਹੀਂ ਅਸਤੀਫੇ ਦੀ ਤਸਦੀਕ ਕਰਦਿਆਂ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਸ ਨੇ ਲੋਕ ਸੇਵਕ ਵਾਂਗ ਦੇਸ਼ ਅਤੇ ਦੇਸ਼ ਵਾਸੀਆਂ ਨਾਲ ਕੀਤਾ ਅਹਿਦ ਨਿਸ਼ਠਾ ਨਾਲ ਨਿਭਾਇਆ ਹੈ। ਦੋ ਕੁ ਮਹੀਨੇ ਪਹਿਲਾਂ ਕੈਨੇਡਾ ‘ਚ 2019 ਤੇ 2021 ਦੀਆਂ ਪਾਰਲੀਮੈਂਟ ਚੋਣਾਂ ਵਿਚ ਵਿਦੇਸ਼ੀ ਦਖਲ ਸਬੰਧੀ ਚੀਨ ਦਾ ਨਾਂਅ ਸਾਹਮਣੇ ਆਇਆ ਸੀ। ਕੁੱਝ ਦਿਨ ਬਾਅਦ ਇਸ ‘ਚ ਭਾਰਤ ਸਮੇਤ ਹੋਰ ਕੁਝ ਹੋਰ ਦੇਸ਼ਾਂ ਦੇ ਨਾਂ ਜੁੜੇ ਸਨ।