#CANADA

ਟਰੂਡੋ ਦੀ ਜਿੱਤ ਲਈ ਕੈਨੇਡਾ ਚੋਣਾਂ ‘ਚ ਚੀਨ ਨੇ ਕੀਤੀ ਸੀ ਦਖਲ ਅੰਦਾਜ਼ੀ : ਰਿਪੋਰਟ ‘ਚ ਦਾਅਵਾ

ਵੈਨਕੂਵਰ, 20 ਫਰਵਰੀ (ਪੰਜਾਬ ਮੇਲ)- ਕੈਨੇਡਾ ਦੀ ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਮੁਤਾਬਕ 2021 ਦੀਆਂ ਚੋਣਾਂ ਵਿਚ ਚੀਨ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਪੱਖ ਵਿਚ ਸੰਘੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਇਕ ਮੁਹਿੰਮ ਚਲਾਈ ਸੀ। ਸ਼ੁੱਕਰਵਾਰ ਨੂੰ ਕੈਨੇਡੀਅਨ ਮੀਡੀਆ ਨੇ ਇਸ ਸਬੰਧੀ ਖੁਲਾਸਾ ਕੀਤਾ। ਕੈਨੇਡਾ ਦੇ ਮਸ਼ਹੂਰ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਵਿਚ ਖੋਜੀ ਰਿਪੋਰਟ ਛਪੀ ਹੈ। ਇਸ ਰਿਪੋਰਟ ਵਿਚ ਰੌਬਰਟ ਫਿਫ ਅਤੇ ਸਟੀਵਨ ਚੇਜ਼ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ 2021 ਦੀਆਂ ਸੰਘੀ ਚੋਣ ਮੁਹਿੰਮ ਵਿਚ ਕੈਨੇਡਾ ਦੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ ਇਕ ਰਣਨੀਤੀ ਦੀ ਵਰਤੋਂ ਕੀਤੀ ਸੀ।
ਰਿਪੋਰਟ ਵਿਚ ਦੱਸਿਆ ਗਿਆ ਕਿ ਚੀਨੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਸਮਰਥਕਾਂ ਉਮੀਦਵਾਰਾਂ ਨੂੰ ਚੋਣ ਵਿਚ ਜਿਤਵਾਉਣ ਲਈ ਸਮਰਥਨ ਦਿੱਤਾ ਸੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੋਕਾਂ ਨੂੰ ਹਰਾਉਣ ਲਈ ਕੰਮ ਕੀਤਾ ਸੀ। ਕਿਉਂਕਿ ਕੰਜ਼ਰਵੇਟਿਵ ਵਾਲੇ ਚੀਨ ਦੇ ਕਰੀਬੀ ਨਹੀਂ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਕਿ ਖੁਫੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੀਜਿੰਗ ਨੇ ਇਹ ਤੈਅ ਕਰ ਲਿਆ ਸੀ ਕਿ ਚੋਣਾਂ ਵਿਚ ਕੰਜ਼ਰਵੇਟਿਵ ਦੀ ਜਿੱਤ ਨਾ ਹੋਵੇ। ਇਸ ਲਈ ਚੀਨ ਨੇ ਵੈਨਕੂਵਰ ਅਤੇ ਜੀਟੀਏ (ਗ੍ਰੇਟਰ ਟੋਰਾਂਟੋ ਏਰੀਆ) ਵਿਚ ਪਰਦੇ ਦੇ ਪਿੱਛੇ ਰਹਿੰਦੇ ਹੋਏ ਚੀਨੀ-ਕੈਨੇਡੀਅਨ ਸੰਗਠਨਾਂ ਵਿਚਕਾਰ ਗ਼ਲਤ ਪ੍ਰਚਾਰ, ਮੁਹਿੰਮਾਂ ਨੂੰ ਬਲ ਦਿੱਤਾ ਸੀ।
ਵੈਨਕੂਵਰ ਅਤੇ ਜੀਟੀਓ ਵਿਚ ਵੱਡੀ ਗਿਣਤੀ ਵਿਚ ਚੀਨੀ ਪ੍ਰਵਾਸੀ ਭਾਈਚਾਰਾ ਹੈ, ਜੋ ਕੰਜ਼ਰਵੇਟਿਵ ਦਾ ਵਿਰੋਧ ਅਤੇ ਟਰੂਡੋ ਉਦਾਰਵਾਦੀਆਂ ਦਾ ਪੱਖ ਲੈਂਦੇ ਰਹੇ ਹਨ। ਸੀ.ਐੱਸ.ਆਈ.ਐੱਸ. ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਕਿ ਚੀਨੀ ਵਣਜ ਦੂਤਘਰ ਦਾ ਇਕ ਅਣਪਛਾਤਾ ਅਫਸਰ ਕਹਿ ਰਿਹਾ ਸੀ ਕਿ ਕੈਨੇਡਾ ਦੀ ਲਿਬਰਲ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਬਣ ਰਹੀ ਹੈ, ਜਿਸ ਦਾ ਪੀਪਲਜ਼ ਰੀਪਬਲਿਕ ਆਫ ਚਾਈਨਾ (ਪੀ.ਆਰ.ਸੀ.) ਸਮਰਥਨ ਕਰ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਚਾਹੁੰਦਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਬਣੇ ਪਰ ਇਹ ਘੱਟ ਗਿਣਤੀ ਦੀ ਸਰਕਾਰ ਹੋਵੇ ਤਾਂ ਜੋ ਸੰਸਦ ਵਿਚ ਪਾਰਟੀਆਂ ਲੜਦੀਆਂ ਰਹਿਣ ਕਿਉਂਕਿ ਬਹੁਮਤ ਮਿਲਣ ‘ਤੇ ਆਸਾਨੀ ਨਾਲ ਸਖ਼ਤ ਨਿਯਮ ਬਣਾਏ ਜਾ ਸਕਦੇ ਹਨ, ਜਿਸ ਨੂੰ ਚੀਨ ਪਸੰਦ ਨਹੀਂ ਕਰਦਾ।

Leave a comment