#CANADA

ਟਰੂਡੋ ‘ਤੇ ਅਹੁਦਾ ਛੱਡਣ ਲਈ ਪਾਰਟੀ ਅੰਦਰ ਵਧਣ ਲੱਗਾ ਦਬਾਅ

ਲਿਬਰਲ ਕੌਕਸ ਦੀ ਬੰਦ ਕਮਰਾ ਮੀਟਿੰਗ ‘ਚ 28 ਅਕਤੂਬਰ ਤੱਕ ਦਿੱਤਾ ਅਲਟੀਮੇਟਮ
ਵੈਨਕੂਵਰ, 24 ਅਕਤੂਬਰ (ਪੰਜਾਬ ਮੇਲ)-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਅਹੁਦਾ ਛੱਡਣ ਲਈ ਪਾਰਟੀ ਅੰਦਰ ਦਬਾਅ ਵਧਣ ਲੱਗਿਆ ਹੈ। ਸੰਸਦ ਮੈਂਬਰਾਂ ਨੇ ਲਿਬਰਲ ਕੌਕਸ ਦੀ ਮੀਟਿੰਗ ਵਿਚ ਅਲਟੀਮੇਟਮ ਦਿੱਤਾ ਹੈ ਕਿ ਟਰੂਡੋ ਜਾਂ ਤਾਂ 28 ਅਕਤੂਬਰ ਤੋਂ ਪਹਿਲਾਂ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਜਾਂ ਫਿਰ ਕੁਝ ਅਣਕਿਆਸੇ ਸਿੱਟਿਆਂ ਲਈ ਤਿਆਰ ਰਹਿਣ।
ਮੀਟਿੰਗ ਚ ਸ਼ਾਮਲ ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ 152 ਪਾਰਲੀਮੈਂਟ ਮੈਂਬਰਾਂ ‘ਚੋਂ 24 ਨੇ ਲਿਖਤੀ ਪੱਤਰ ਪੇਸ਼ ਕੀਤਾ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਪਾਰਟੀ ਦੇ ਵੱਕਾਰ ਨੂੰ ਲੱਗੇ ਹੋਏ ਖੋਰੇ ਤੋਂ ਉਭਾਰਨ ਲਈ ਪਾਰਟੀ ਪ੍ਰਧਾਨ ਜਸਟਿਨ ਟਰੂਡੋ ਨੂੰ ਆਪਣਾ ਅਸਤੀਫ਼ਾ ਦੇ ਕੇ ਕਿਸੇ ਹੋਰ ਆਗੂ ਨੂੰ ਮੌਕਾ ਦੇਣਾ ਚਾਹੀਦਾ ਹੈ। ਨਿਰਾਸ਼ ਆਗੂ ਆਪਣੇ ਉਸ ਦਾਅਵੇ ‘ਤੇ ਖਰੇ ਨਾ ਉਤਰ ਸਕੇ, ਜਿਸ ਵਿਚ 40 ਮੈਂਬਰਾਂ ਦੇ ਦਸਤਖ਼ਤ ਹੋਣ ਦੀ ਗੱਲ ਇਕ ਦਿਨ ਪਹਿਲਾਂ ਕਹੀ ਗਈ ਸੀ। ਦਸਤਖ਼ਤ ਕਰਨ ਵਾਲੇ ਆਗੂਆਂ ਨੇ ਮੀਟਿੰਗ ਵਿਚ ਇਹ ਗੱਲ ਖੁੱਲ ਕੇ ਕਹੀ ਕਿ ਜਿਵੇਂ-ਜਿਵੇਂ ਦੇਰੀ ਹੋ ਰਹੀ ਹੈ, ਪਾਰਟੀ ਆਗੂਆਂ ਵਿਚ ਨਿਰਾਸ਼ਾ ਵਧਦੀ ਜਾ ਰਹੀ ਹੈ, ਜੋ ਕਿ ਪਾਰਟੀ ਦੇ ਭਵਿੱਖ ਲਈ ਵੱਡਾ ਖਤਰਾ ਹੈ।
ਜਾਣਕਾਰੀ ਅਨੁਸਾਰ ਕਈ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਪਾਰਟੀ ਦਾ ਗਰਾਫ਼ ਹੇਠਾਂ ਡੇਗਣ ਦਾ ਕਾਰਨ ਗਰਦਾਨਿਆ। ਮੀਟਿੰਗ ਦੌਰਾਨ ਬੀ. ਸੀ. ਤੋਂ ਮੈਂਬਰ ਪਾਰਲੀਮੈਂਟ ਪੈਟਰਿਕ ਵੈਲਰ ਨੇ 24 ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਪੜ੍ਹਿਆ, ਜਿਸ ਵਿਚ ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ।
ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੂਡੋ ਕੁਝ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣਾ ਅਹੁਦਾ ਛੱਡ ਦੇਣਗੇ। ਮਿੱਲਰ ਜੋ ਕਿ ਟਰੂਡੋ ਦੇ ਨਜ਼ਦੀਕੀ ਦੋਸਤ ਹਨ, ਨੇ ਕਿਹਾ ਕਿ ਮੀਟਿੰਗ ਵਿਚ ਕੁਝ ਕੁ ਤਣਾਅ ਰਿਹਾ ਸੀ ਅਤੇ ਉਹ ਆਪਣੇ ਸਹਿਕਰਮੀਆਂ ਦਾ ਸਤਿਕਾਰ ਕਰਦੇ ਹਨ, ਜਿਨ੍ਹਾਂ ਨੇ ਟਰੂਡੋ ਦੇ ਮੂੰਹ ‘ਤੇ ਆਪਣੀ ਗੱਲ ਕਹਿਣ ਦੀ ਹਿੰਮਤ ਦਿਖਾਈ।
ਮੀਟਿੰਗ ਵਿਚੋਂ ਬਾਹਰ ਨਿਕਲਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਲਿਬਰਲ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ। ਟਰੂਡੋ ਦੇ ਬਾਹਰ ਹੋਣ ਦੀ ਮੰਗ ਕਰਨ ਵਾਲਿਆਂ ਵਿਚ ਕੋਈ ਵੀ ਕੈਬਨਿਟ ਮੰਤਰੀ ਨਹੀਂ ਸੀ । ਟਰੂਡੋ ਨੇ ਕੌਕਸ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਜਵਾਬ ਦੇਣ ਵਿਚ ਕੁਝ ਸਮਾਂ ਲੈਣਗੇ।