#AMERICA

ਝੰਡਾ ਸਾੜਨ ਦੇ ਦੋਸ਼ੀ ਵਿਅਕਤੀ ਨੂੰ ਇੱਕ ਸਾਲ ਤੱਕ ਦੀ ਕੈਦ ਹੋਣੀ ਚਾਹੀਦੀ ਹੈ: ਟਰੰਪ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ, ਜਿਸ ‘ਚ ਨਿਆਂ ਵਿਭਾਗ ਨੂੰ ਅਮਰੀਕੀ ਝੰਡਾ ਸਾੜਨ ਵਾਲੇ ਲੋਕਾਂ ਦੀ ਜਾਂਚ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ। ਹਾਲਾਂਕਿ, ਅਮਰੀਕੀ ਸੁਪਰੀਮ ਕੋਰਟ ਨੇ ਝੰਡਾ ਸਾੜਨ ਨੂੰ ਸੰਵਿਧਾਨ ਦੁਆਰਾ ਸੁਰੱਖਿਅਤ ਇੱਕ ਜਾਇਜ਼ ਰਾਜਨੀਤਿਕ ਪ੍ਰਗਟਾਵਾ ਮੰਨਿਆ ਹੈ।
‘ਓਵਲ ਆਫਿਸ’ (ਰਾਸ਼ਟਰਪਤੀ ਦਫਤਰ) ‘ਚ ਦਸਤਖਤ ਕੀਤੇ ਗਏ ਇਸ ਆਦੇਸ਼ ਨੇ 1989 ‘ਚ ਟੈਕਸਾਸ ਨਾਲ ਸਬੰਧਤ ਇੱਕ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ, ਪਰ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ ਮੁਕੱਦਮਾ ਚਲਾਉਣ ਦੀ ਗੁੰਜਾਇਸ਼ ਬਣੀ ਹੋਈ ਹੈ, ਖਾਸ ਕਰਕੇ ਜਦੋਂ ਝੰਡਾ ਸਾੜਨ ਨਾਲ ”ਕਾਨੂੰਨ ਤੋੜਨ ਦੀ ਸੰਭਾਵਨਾ” ਹੁੰਦੀ ਹੈ ਜਾਂ ਇਸਨੂੰ ”ਭੜਕਾਉ ਸ਼ਬਦਾਂ” ਦੇ ਬਰਾਬਰ ਮੰਨਿਆ ਜਾਂਦਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਚਾਰ ਦੇ ਮੁਕਾਬਲੇ ਪੰਜ ਦੇ ਬਹੁਮਤ ਨਾਲ ਫੈਸਲਾ ਸੁਣਾਇਆ ਸੀ ਕਿ (ਸੰਵਿਧਾਨ ਦਾ) ਪਹਿਲਾ ਸੋਧ ਅਮਰੀਕੀ ਝੰਡੇ ਨੂੰ ਇੱਕ ਜਾਇਜ਼ ਰਾਜਨੀਤਿਕ ਪ੍ਰਗਟਾਵਾ ਵਜੋਂ ਸਾੜਨ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਹਾਲਾਂਕਿ, ਰਾਸ਼ਟਰਪਤੀ ਨੇ ਇਸ ਫੈਸਲੇ ਨੂੰ ਮੰਦਭਾਗਾ ਕਿਹਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਝੰਡੇ ਦਾ ਅਪਮਾਨ ਕਰਨਾ ਸਾਡੇ ਰਾਸ਼ਟਰ ਪ੍ਰਤੀ ਅਪਮਾਨ, ਦੁਸ਼ਮਣੀ ਅਤੇ ਹਿੰਸਾ ਦਾ ਪ੍ਰਤੀਕ ਹੈ ਅਤੇ ਇਹ ਅਮਰੀਕਾ ਦੇ ਮੁੱਲਾਂ ਅਤੇ ਆਜ਼ਾਦੀ ਦੇ ਵਿਰੋਧ ਨੂੰ ਦਰਸਾਉਂਦਾ ਹੈ। ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਕੰਮ ਹਿੰਸਾ ਅਤੇ ਦੰਗੇ ਭੜਕਾਉਣ ਦੀ ਸੰਭਾਵਨਾ ਰੱਖਦੇ ਹਨ।
ਟਰੰਪ ਨੇ ਕਿਹਾ ਕਿ ਝੰਡਾ ਸਾੜਨ ਦੇ ਦੋਸ਼ੀ ਵਿਅਕਤੀ ਨੂੰ ਇੱਕ ਸਾਲ ਤੱਕ ਦੀ ਕੈਦ ਹੋਣੀ ਚਾਹੀਦੀ ਹੈ ਅਤੇ ਜਲਦੀ ਰਿਹਾਈ ਦਾ ਕੋਈ ਵਿਕਲਪ ਨਹੀਂ ਹੋਣਾ ਚਾਹੀਦਾ। ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦੇਸ਼ੀ ਨਾਗਰਿਕ ਝੰਡਾ ਸਾੜਦਾ ਹੈ, ਤਾਂ ਉਸਦਾ ਵੀਜ਼ਾ, ਰਿਹਾਇਸ਼ੀ ਪਰਮਿਟ, ਨਾਗਰਿਕਤਾ ਪ੍ਰਕਿਰਿਆ ਅਤੇ ਹੋਰ ਇਮੀਗ੍ਰੇਸ਼ਨ ਲਾਭ ਰੱਦ ਕੀਤੇ ਜਾ ਸਕਦੇ ਹਨ। ਉਨ੍ਹਾਂ ਨੂੰ ਦੇਸ਼ ਤੋਂ ਵੀ ਕੱਢਿਆ ਜਾ ਸਕਦਾ ਹੈ।