#EUROPE

ਜੱਗੀ ਜੌਹਲ ਨੂੰ ਰਿਹਾਅ ਕਰਨ ਲਈ ਪ੍ਰਕਿਰਿਆ ਤੇਜ਼ ਕਰਨ ਦੀ ਲੋੜ : ਬਰਤਾਨਵੀ ਸਰਕਾਰ

ਲੰਡਨ/ਗਲਾਸਗੋ, 6 ਨਵੰਬਰ (ਪੰਜਾਬ ਮੇਲ)- ਭਾਰਤੀ ਜੇਲ੍ਹ ਵਿਚ ਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਨੂੰ ਹੱਲ ਕਰਨ ਲਈ ਪ੍ਰਕਿਰਿਆਵਾਂ ਤੇਜ਼ ਕਰਨ ਦੀ ਲੋੜ ਹੈ, ਇਹ ਪ੍ਰਗਟਾਵਾ ਬਰਤਾਨਵੀ ਸਰਕਾਰ ਦੇ ਸੂਤਰਾਂ ਨੇ ਦਿੱਤਾ ਹੈ। ਗਲਾਸਗੋ ਨੇੜੇ ਡੰਬਰਟਨ ਦੇ ਸਿੱਖ ਕਾਰਕੁੰਨ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ 2017 ਨੂੰ ਪੰਜਾਬ ਵਿਚ ਉਸ ਦੇ ਵਿਆਹ ਤੋਂ ਕੁਝ ਹਫ਼ਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਹੀ ਉਹ ਵੱਖ-ਵੱਖ ਮਾਮਲਿਆਂ ਵਿਚ ਸਲਾਖਾਂ ਪਿੱਛੇ ਹੈ। 38 ਸਾਲਾ ਜੌਹਲ ਇਸ ਸਾਲ ਇਕ ਕੇਸ ‘ਚੋਂ ਬਰੀ ਹੋ ਗਿਆ ਸੀ। ਜੌਹਲ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਅਤੇ 2022 ਵਿਚ ਸੰਯੁਕਤ ਰਾਸ਼ਟਰ ਦੇ ਇਕ ਪੈਨਲ ਨੇ ਜੱਗੀ ਦੀ ਗ੍ਰਿਫਤਾਰੀ ਨੂੰ ਮਨਮਾਨੀ ਨਜ਼ਰਬੰਦੀ ਦੱਸਿਆ ਸੀ। ਜੱਗੀ ਦੇ ਪਰਿਵਾਰ ਤੇ ਕਾਨੂੰਨੀ ਮੁਹਿੰਮ ਸਮੂਹ ਰੀਪ੍ਰੀਵ ਨੇ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਕਿਹਾ ਹੈ ਕਿਉਂਕਿ ਉਸਨੇ ਭਾਰਤ ਵਿਚ ਸਿੱਖ ਭਾਈਚਾਰੇ ਨਾਲ ਹੋਏ ਵਿਵਹਾਰ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਰੀਪ੍ਰੀਵ ਨੇ ਇਕ ਦਸਤਾਵੇਜ਼ ਸਾਂਝਾ ਕਰਕੇ ਦਾਅਵਾ ਕੀਤਾ ਹੈ ਪੰਜਾਬ ਪੁਲਿਸ ਤੋਂ ਜੱਗੀ ਜੌਹਲ ਦੇ ਵਿਆਹ ਦੀ ਅੰਗੂਠੀ ਤੇ ਸੋਨੇ ਦੀ ਚੇਨ ਗੁਆਚ ਗਈ ਹੈ, ਜੋ ਉਸ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤੇ ਜਾਣ ‘ਤੇ ਜ਼ਬਤ ਕੀਤੀ ਸੀ।
ਬਰਤਾਨਵੀ ਪ੍ਰਧਾਨ ਮੰਤਰੀ ਦੇ ਸਰਕਾਰੀ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰ ਕੀਰ ਸਟਾਰਮਰ ਨੇ ਪਿਛਲੇ ਮਹੀਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ‘ਜਗਤਾਰ ਸਿੰਘ ਜੌਹਲ ਸਮੇਤ ਕਈ ਮਾਮਲਿਆਂ ਨੂੰ ਉਠਾਇਆ ਹੈ’। ਬੁਲਾਰੇ ਨੇ ਅੱਗੇ ਕਿਹਾ ਕਿ ”ਅਸੀਂ ਭਾਰਤ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਦੇ ਰਹਿੰਦੇ ਹਾਂ ਅਤੇ ਜੱਗੀ ਜੌਹਲ ਦੇ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ।” ਜੱਗੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਜਗਤਾਰ ਤੋਂ ਇੰਨੇ ਲੰਮੇ ਸਮੇਂ ਤੋਂ ਵੱਖ ਹੋਣ ਦੇ ਦਰਦ ਨੂੰ ਬਿਆਨ ਕਰਨਾ ਅਸੰਭਵ ਹੈ। ਉਸ ਨੇ ਕਿਹਾ ਕਿ ਮੈਨੂੰ ਸੋਨੇ ਦੀ ਚੇਨ ਜਾਂ ਅੰਗੂਠੀ ਦੀ ਕੋਈ ਪ੍ਰਵਾਹ ਨਹੀਂ, ਮੈਂ ਸਿਰਫ਼ ਜਗਤਾਰ ਨੂੰ ਵਾਪਸ ਚਾਹੁੰਦੀ ਹਾਂ। ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਹੁਣ ਤੱਕ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੋ ਵਿਅਕਤੀ ਹੀ ਜੱਗੀ ਦੀ ਰਿਹਾਈ ਨੂੰ ਸੰਭਵ ਬਣਾ ਸਕਦੇ ਹਨ। ਮੈਂ ਆਉਣ ਵਾਲੇ ਹਫ਼ਤਿਆਂ ਵਿਚ ਵਿਦੇਸ਼ ਮੰਤਰੀ ਯਵੇਟ ਕੂਪਰ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ।