– 18, 25 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਪੈਣਗੀਆਂ ਵੋਟਾਂ
– ਹਰਿਆਣਾ ‘ਚ ਵੋਟਾਂ 1 ਅਕਤੂਬਰ ਨੂੰ, ਨਤੀਜੇ 4 ਨੂੰ
ਨਵੀਂ ਦਿੱਲੀ, 16 ਅਗਸਤ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਅੱਜ ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾਵਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਤਿੰਨ ਪੜਾਵਾਂ 18, 25 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਵੋਟਾਂ ਪੈਣਗੀਆਂ। ਹਰਿਆਣਾ ਵਿਧਾਨ ਸਭਾ ਲਈ ਵੋਟਾਂ ਪਹਿਲੀ ਅਕਤੂਬਰ ਨੂੰ ਪੈਣਗੀਆਂ ਤੇ ਦੋਵਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਅਲਾਨੇ ਜਾਣਗੇ। ਜੰਮੂ ਕਸ਼ਮੀਰ ਵਿਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਕਸ਼ਮੀਰ ਵਿਚ 47 ਤੇ ਜੰਮੂ ਖੇਤਰ ਵਿਚ 43 ਹਲਕੇ ਹਨ। ਇਸ ਤੋਂ ਪਹਿਲਾਂ ਸਾਲ 2014 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਹਰਿਆਣਾ ਵਿਧਾਨ ਸਭਾਵਾਂ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਦੀ ਜੰਮੂ-ਕਸ਼ਮੀਰ ਵਿਚ 30 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਯੋਜਨਾ ਸੀ। ਇਹ ਸਮਾਂ ਸੀਮਾ ਸੁਪਰੀਮ ਕੋਰਟ ਨੇ ਤੈਅ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 90 ਵਿਧਾਨ ਸਭਾ ਹਲਕਿਆਂ ਵਿਚ 87.09 ਲੱਖ ਵੋਟਰ ਹਨ ਤੇ ਇਨ੍ਹਾਂ ਵਿਚ 42.6 ਲੱਖ ਮਹਿਲਾ ਵੋਟਰ ਹਨ। ਹਰਿਆਣਾ ‘ਚ ਵੀ 90 ਵਿਧਾਨ ਸਭਾ ਹਲਕੇ ਹਨ ਤੇ ਇਥੇ 2 ਕਰੋੜ ਤੋਂ ਵੱਧ ਵੋਟਰ ਹਨ।