#INDIA

ਜੰਗ ਕਾਰਨ ਭਾਰਤ ‘ਚ ਫ਼ਸੇ ਵਿਦੇਸ਼ੀਆਂ ਦੇ ਵੀਜ਼ਿਆਂ ਸੰਬੰਧੀ ਭਾਰਤ ਸਰਕਾਰ ਵੱਲੋਂ ਰਾਹਤ ਦਾ ਐਲਾਨ

-ਵਿਦੇਸ਼ੀਆਂ ਦੇ ਵੀਜ਼ੇ ਦੀ ਮਿਆਦ ਵਧਾਉਣ ਅਤੇ ਓਵਰਸਟੇਅ ਦੇ ਜੁਰਮਾਨੇ ਨੂੰ ਮੁਆਫ ਕਰਨ ਦਾ ਫੈਸਲਾ
ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਪੱਛਮੀ ਏਸ਼ੀਆ ‘ਚ ਚੱਲ ਰਹੇ ਭਿਆਨਕ ਸੰਘਰਸ਼ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਦੇਸ਼ ‘ਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਵੱਡੇ ਰਾਹਤ ਉਪਾਵਾਂ ਦਾ ਐਲਾਨ ਕੀਤਾ ਹੈ। ਭਾਰਤ ਨੇ ਉਨ੍ਹਾਂ ਵਿਦੇਸ਼ੀਆਂ ਦੇ ਵੀਜ਼ੇ ਦੀ ਮਿਆਦ ਵਧਾਉਣ ਅਤੇ ‘ਓਵਰਸਟੇਅ’ (ਜ਼ਿਆਦਾ ਦੇਰ ਰੁਕਣ) ਦੇ ਜੁਰਮਾਨੇ ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ, ਜੋ ਯਾਤਰਾ ਸੇਵਾਵਾਂ ‘ਚ ਵਿਘਨ ਪੈਣ ਕਾਰਨ ਭਾਰਤ ‘ਚ ਰੁਕੇ ਹੋਏ ਹਨ।
ਦੁਬਈ ਸਥਿਤ ਭਾਰਤੀ ਕੌਂਸਲੇਟ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਜਾਂ ਈ-ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਖ਼ਤਮ ਹੋਣ ਵਾਲੀ ਹੈ, ਉਨ੍ਹਾਂ ਨੂੰ ਸਬੰਧਤ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫਤਰਾਂ (ਐੱਫ.ਆਰ.ਆਰ.ਓਜ਼) ਰਾਹੀਂ ਇਕ ਮਹੀਨੇ ਲਈ ਮੁਫ਼ਤ (gratis) ਐਕਸਟੈਂਸ਼ਨ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 28 ਫਰਵਰੀ ਤੋਂ ਬਾਅਦ ਜੰਗ ਕਾਰਨ ਫਸੇ ਵਿਦੇਸ਼ੀਆਂ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਜਦੋਂ ਵੀ ਹਵਾਈ ਰਸਤੇ ਦੁਬਾਰਾ ਖੁੱਲ੍ਹਣਗੇ, ਇਨ੍ਹਾਂ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਮੁਫ਼ਤ ‘ਐਗਜ਼ਿਟ ਪਰਮਿਟ’ ਵੀ ਜਾਰੀ ਕੀਤੇ ਜਾਣਗੇ। ਜੇਕਰ ਕੋਈ ਵਿਦੇਸ਼ੀ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਸਮੇਂ ਸਿਰ ਅਪਲਾਈ ਨਹੀਂ ਕਰ ਪਾਉਂਦਾ, ਤਾਂ ਉਸ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ।
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਪੱਛਮੀ ਏਸ਼ੀਆ ‘ਚ ਤਣਾਅ ਸਿਖਰ ‘ਤੇ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ, ਜਿਸ ਦੇ ਜਵਾਬ ‘ਚ ਈਰਾਨ ਨੇ ਖਾੜੀ ਖੇਤਰ ‘ਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਸਿੱਧੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸੰਕਟ ਕਾਰਨ ਯੂ.ਏ.ਈ., ਸਾਊਦੀ ਅਰਬ, ਕਤਰ, ਕੁਵੈਤ ਅਤੇ ਜਾਰਡਨ ਸਮੇਤ ਪੂਰੇ ਖੇਤਰ ‘ਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਇਸ ਦਾ ਅਸਰ ਵਿਸ਼ਵ ਊਰਜਾ ਸਪਲਾਈ ‘ਤੇ ਵੀ ਪੈ ਰਿਹਾ ਹੈ, ਕਿਉਂਕਿ ਦੁਨੀਆਂ ਦਾ ਲਗਭਗ 20 ਫੀਸਦੀ ਤੇਲ ਸਟ੍ਰੇਟ ਆਫ ਹੋਰਮੁਜ਼ ਰਾਹੀਂ ਲੰਘਦਾ ਹੈ, ਜੋ ਕਿ ਇਸ ਸੰਘਰਸ਼ ਦਾ ਕੇਂਦਰ ਹੈ।
ਦੋਹਾ ‘ਚ ਭਾਰਤੀ ਦੂਤਘਰ ਨੇ ਜਾਣਕਾਰੀ ਦਿੱਤੀ ਹੈ ਕਿ ਕਤਰ ਏਅਰਵੇਜ਼ ਦੀਆਂ ਉਡਾਣਾਂ ਰਾਹੀਂ ਲਗਭਗ 500 ਭਾਰਤੀ ਨਾਗਰਿਕ ਕਤਰ ਤੋਂ ਕੋਚੀ ਅਤੇ ਹੋਰ ਸ਼ਹਿਰਾਂ ‘ਚ ਪਹੁੰਚ ਚੁੱਕੇ ਹਨ। ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ ‘ਤੇ ਖੁੱਲ੍ਹਾ ਹੋਣ ਕਾਰਨ ਉਡਾਣਾਂ ਸੀਮਿਤ ਹਨ। ਮਨੁੱਖੀ ਆਧਾਰ ‘ਤੇ ਕਤਰ ਏਅਰਵੇਜ਼ ਨੇ 2 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਸਮੇਤ ਵਾਪਸ ਭੇਜਣ ‘ਚ ਮਦਦ ਕੀਤੀ ਹੈ।