ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਤੇ ਉਮੀਦਵਾਰ ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣਾਂ ਤੋਂ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਬੇਹੱਦ ਹੈਰਾਨ ਕਰਨ ਵਾਲਾ ਫ਼ੈਸਲਾ ਹੈ ਕਿਉਂਕਿ ਉਹ ਹੁਣ ਤੱਕ ਚੋਣ ਪ੍ਰਚਾਰ ਕਰ ਰਹੇ ਸਨ ਤੇ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਵੀ ਹੁਣ ਮਹਿਜ਼ ਕੁਝ ਮਹੀਨੇ ਹੀ ਰਹਿ ਗਏ ਹਨ। ਅਜਿਹੇ ‘ਚ ਇਸ ਖ਼ਬਰ ਨੇ ਅਮਰੀਕਾ ਦੀ ਰਾਜਨੀਤੀ ‘ਚ ਤਹਿਲਕਾ ਮਚਾ ਦਿੱਤਾ ਹੈ।
ਇਸ ਗੱਲ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਕਿ ਉਹ ਚੋਣਾਂ ‘ਚੋਂ ਆਪਣਾ ਨਾਂ ਵਾਪਸ ਲੈ ਸਕਦੇ ਹਨ। ਉਨ੍ਹਾਂ ਨੇ ਖ਼ੁਦ ਇਸ ਗੱਲ ‘ਤੇ ਮੋਹਰ ਲਗਾਉਂਦਿਆਂ ਆਪਣੇ ‘ਐਕਸ’ ਅਕਾਊਂਟ ‘ਤੇ ਪੋਸਟ ਕਰ ਕੇ ਕੀਤਾ ਹੈ। ਇਸ ਚਿੱਠੀ ‘ਚ ਉਨ੍ਹਾਂ ਲਿਖਿਆ ਹੈ ਕਿ ਪਿਛਲੇ ਕਰੀਬ ਸਾਢੇ 3 ਸਾਲਾਂ ਦੌਰਾਨ ਅਮਰੀਕਾ ਨੇ ਬਹੁਤ ਕੁਝ ਦੇਖਿਆ ਹੈ ਤੇ ਬਹੁਤ ਤਰੱਕੀ ਕੀਤੀ ਹੈ।
ਉਨ੍ਹਾਂ ਲਿਖਿਆ, ”ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਤੁਹਾਡੇ ਰਾਸ਼ਟਰਪਤੀ ਵਜੋਂ ਸੇਵਾ ਕਰਨਾ ਰਿਹਾ ਹੈ। ਹੁਣ ਜਦੋਂ ਦੇਸ਼ ‘ਚ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਹਨ, ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਇਨ੍ਹਾਂ ਚੋਣਾਂ ਤੋਂ ਹਟ ਕੇ ਦੇਸ਼ ਦੀ ਤਰੱਕੀ ਤੇ ਆਪਣੇ ਬਾਕੀ ਕਾਰਜਕਾਲ ਵੱਲ ਧਿਆਨ ਦੇਣਾ ਚਾਹੀਦਾ ਹੈ।”
ਹਾਲਾਂਕਿ ਬਾਇਡਨ ਇਸ ਤੋਂ ਪਹਿਲਾਂ ਕਈ ਵਾਰ ਸਪੱਸ਼ਟ ਕਰ ਚੁੱਕੇ ਸਨ ਕਿ ਉਹ ਰਾਸ਼ਟਰਪਤੀ ਬਣਨ ਦੀ ਦੌੜ ‘ਚ ਬਣੇ ਰਹਿਣਗੇ, ਪਰ ਇਸ ਦੌਰਾਨ ਉਨ੍ਹਾਂ ਨੇ ਅਜਿਹੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ ਕਿ ਉਹ ਹੁਣ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਚੋਣਾਂ ਦੀ ਦੌੜ ਤੋਂ ਪਿੱਛੇ ਹਟਣ ਦਾ ਕਾਰਨ ਬਣ ਸਕਦੀ ਹੈ।
ਦਰਅਸਲ ਟਰੰਪ ‘ਤੇ ਹਮਲੇ ਤੋਂ ਬਾਅਦ ਟਰੰਪ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਅਤੇ ਅਜਿਹੇ ‘ਚ ਕਿਹਾ ਜਾ ਰਿਹਾ ਸੀ ਕਿ ਜੇਕਰ ਹੁਣ ਚੋਣਾਂ ਹੁੰਦੀਆਂ ਹਨ, ਤਾਂ ਬਾਇਡਨ ਲਈ ਟਰੰਪ ਖ਼ਿਲਾਫ਼ ਜਿੱਤ ਦਰਜ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰ ਵੀ ਬਾਇਡਨ ਨੂੰ ਇਸ ਦੌੜ ਤੋਂ ਹਟਣ ਲਈ ਕਹਿ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਬਾਇਡਨ ਕਾਰਨ ਡੈਮੋਕ੍ਰੇਟਿਕ ਪਾਰਟੀ ਨੂੰ ਚੋਣਾਂ ‘ਚ ਨੁਕਸਾਨ ਹੋ ਸਕਦਾ ਹੈ।
ਜੋਅ ਬਾਇਡਨ ਦੇ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟ ਜਾਣ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਤੋਂ ਉਨ੍ਹਾਂ ਦੀ ਜਗ੍ਹਾ ਭਾਰਤੀ ਮੂਲ ਦੀ ਕਮਲਾ ਹੈਰਿਸ ਮੁੱਖ ਦਾਅਵੇਦਾਰ ਹੋਵੇਗੀ। ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਵੀ ਹੈ ਅਤੇ ਕਈ ਚੋਣਾਂ ਵਿਚ ਉਸ ਨੂੰ ਬਾਇਡਨ ਨਾਲੋਂ ਮਜ਼ਬੂਤ ਦਾਅਵੇਦਾਰ ਵੀ ਦੱਸਿਆ ਗਿਆ ਹੈ।