ਵਾਸ਼ਿੰਗਟਨ, 15 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਵਿਰੁੱਧ ਈਰਾਨ ਦੇ ਬਦਲੇ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਟਰੰਪ ਨੇ ਕਿਹਾ, ‘ਜੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਤਾਂ ਇਜ਼ਰਾਈਲ ‘ਤੇ ਹਮਲਾ ਨਾ ਹੁੰਦਾ। ਇਜ਼ਰਾਈਲ ਦੇ ਹਮਲੇ ਨੂੰ ਰੋਕਣ ਦੀ ਲੋੜ ਸੀ।’ ਟਰੰਪ ਨੇ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਸੰਦੇਸ਼ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਆਲੋਚਨਾ ਕੀਤੀ।
ਟਰੰਪ ਨੇ ਕਿਹਾ, ‘ਇਰਾਨ ਹਮਲੇ ‘ਤੇ ਬਾਇਡਨ ਦਾ ਰਾਸ਼ਟਰੀ ਸੰਬੋਧਨ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਸੀ। ਹੁਣ ਰਿਕਾਰਡ ਕੀਤੇ ਭਾਸ਼ਣ ਸੁਣਨ ਦਾ ਸਮਾਂ ਹੀ ਨਹੀਂ ਹੈ। ਹੋ ਸਕਦਾ ਹੈ ਕਿ ਹੁਣ ਬਾਇਡਨ ਦੇ ਸਲਾਹਕਾਰ ਉਨ੍ਹਾਂ ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਭਾਸ਼ਣਾਂ ਨੂੰ ਪ੍ਰਸਾਰਿਤ ਨਾ ਕਰਨ ਲਈ ਮਨਾ ਲੈਣ।’ ਟਰੰਪ ਨੇ ਅੱਗੇ ਕਿਹਾ ਅਮਰੀਕਾ ਇਜ਼ਰਾਈਲ ਦਾ ਸਮਰਥਨ ਕਰਦਾ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ, ‘ਪ੍ਰਮਾਤਮਾ ਇਜ਼ਰਾਈਲ ਦੇ ਲੋਕਾਂ ਦਾ ਭਲਾ ਕਰੇ।’