#AMERICA

ਜੇ ਟਰੰਪ ਜਿੱਤੇ, ਤਾਂ ਉਹ ਐੱਚ-1ਬੀ ‘ਚ ਜੀਵਨ ਸਾਥੀਆਂ ਲਈ ਰੋਕਣਗੇ ਰਾਹ

ਵਾਸ਼ਿੰਗਟਨ ਡੀ.ਸੀ., 18 ਸਤੰਬਰ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਇਸ ਵਾਰ ਉਹ ਚੋਣਾਂ ਵਿਚ ਜਿੱਤ ਜਾਂਦੇ ਹਨ, ਤਾਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਇਥੇ ਵਰਕ ਪਰਮਿਟ ਦੇਣ ਤੋਂ ਰੋਕਣਗੇ। ਇਸ ਦਾ ਅਸਰ ਭਾਰੀ ਗਿਣਤੀ ਵਿਚ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ‘ਤੇ ਵੀ ਪੈ ਸਕਦਾ ਹੈ। ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਕੰਮ ਤੋਂ ਹਟਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਪਤੀ ਜਾਂ ਪਤਨੀ ਦੇ ਪੱਕੇ ਹੋਣ ਦੀ ਪ੍ਰਕਿਰਿਆ ‘ਚ ਵੀ ਦੇਰੀ ਕਰਵਾ ਸਕਦੇ ਹਨ। ਅਤੇ ਹੋ ਸਕਦਾ ਹੈ ਕਿ ਉਹ ਐੱਚ-1ਬੀ ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਦੇ ਅਮਰੀਕਾ ਵਿਚ ਦਾਖਲੇ ਨੂੰ ਵੀ ਰੋਕਣ ਦੀ ਕੋਸ਼ਿਸ ਕਰਨ ਅਤੇ ਐੱਚ-1ਬੀ ਵੀਜ਼ੇ ਦੇ ਦਰਜ਼ੇ ਦੇ ਬਣੇ ਰਹਿਣ ਲਈ ਮਨਜ਼ੂਰੀ ਹਾਸਲ ਕਰਨਾ ਹੋਰ ਵੀ ਮੁਸ਼ਕਿਲ ਬਣਾ ਸਕਦੇ ਹਨ। ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਰੁਜ਼ਗਾਰ ਆਧਾਰਿਤ ਗਰੀਨ ਕਾਰਡ ਦੀ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਬਿਨੈਕਾਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਲਈ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ 2015 ਵਿਚ ਓਬਾਮਾ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦੇਣ ਲਈ ਇਕ ਨਿਯਮ ਜਾਰੀ ਕੀਤਾ ਸੀ। ਰੈਗੂਲੇਸ਼ਨ ਦੇ ਤਹਿਤ ਜੇਕਰ ਇਕ ਐੱਚ-1ਬੀ ਪੇਸ਼ੇਵਰ ਕੋਲ ਇਕ ਪ੍ਰਵਾਨਿਤ ਪ੍ਰਵਾਸੀ ਪਟੀਸ਼ਨ ਆਈ-140 ਰੁਜ਼ਗਾਰ ਆਧਾਰਿਤ ਗਰੀਨ ਕਾਰਡ ਪ੍ਰਕਿਰਿਆ ਦਾ ਹਿੱਸਾ ਹੈ, ਤਾਂ ਐੱਚ-4 ਨਿਰਭਰ ਵਾਲੇ ਜੀਵਨ ਸਾਥੀ ਨੂੰ ਇਥੇ ਵਰਕ ਪਰਮਿਟ ਮਿਲ ਜਾਂਦਾ ਹੈ। ਪਰ ਹੁਣ ਟਰੰਪ ਦੇ ਬਿਆਨ ਨਾਲ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।