+1-916-320-9444 (USA)
#OTHERS

ਜੇਲ੍ਹ ‘ਚ ਬੰਦ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦੇ ਤਿੰਨ ਸੀਟਾਂ ਤੋਂ ਚੋਣ ਲੜਨ ਦੀ ਸੰਭਾਵਨਾ

ਇਸਲਾਮਾਬਾਦ, 21 ਦਸੰਬਰ (ਪੰਜਾਬ ਮੇਲ)-ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਘੱਟੋ-ਘੱਟ ਤਿੰਨ ਹਲਕਿਆਂ ਤੋਂ ਚੋਣਾਂ ਲੜਨਗੇ। ਉਨ੍ਹਾਂ ਦੀ ਪਾਰਟੀ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਪੰਜ ਅਗਸਤ ਨੂੰ ਖਾਨ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਦਾਇਰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਠਹਿਰਾਇਆ ਸੀ। ਫੈਸਲੇ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਪੰਜ ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਠਹਿਰਾਇਆ ਗਿਆ। ਕੁਝ ਦਿਨਾਂ ਬਾਅਦ ਇਸਲਾਮਾਬਾਦ ਹਾਈ ਕੋਰਟ ਨੇ ਖਾਨ ਦੀ ਤਿੰਨ ਸਾਲ ਦੀ ਸਜ਼ਾ ਮੁਅੱਤਲ ਕਰ ਦਿੱਤੀ ਪਰ ਉਹ ਹੋਰਨਾਂ ਮਾਮਲਿਆਂ ‘ਚ ਅਜੇ ਵੀ ਜੇਲ੍ਹ ‘ਚ ਹੈ। ਵਕੀਲ ਅਲੀ ਜਫ਼ਰ ਨੇ ਅਡਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਿਹਾ, ”ਇਮਰਾਨ ਖਾਨ ਕਹਿਣਾ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਘੱਟੋ-ਘੱਟ ਤਿੰਨ ਚੋਣ ਹਲਕਿਆਂ ਤੋਂ ਉਹ ਚੋਣ ਲੜੇਗਾ।” ‘ਡਾਅਨ’ ਅਖਬਾਰ ਦੀ ਰਿਪੋਰਟ ਅਨੁਸਾਰ ਜਫਰ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਤੋਸ਼ਾਖਾਨਾ ਮਾਮਲੇ ‘ਚ ਚੁਣੌਤੀ ਦੇਣ ਵਾਲੀ ਖਾਨ ਦੀ ਪਟੀਸ਼ਨ ‘ਤੇ ਆਪਣਾ ਫੈਸਲਾ ਛੇਤੀ ਸੁਣਾ ਸਕਦਾ ਹੈ। ਉਨ੍ਹਾਂ ਕਿਹਾ, ”ਸਾਨੂੰ ਉਮੀਦ ਹੈ ਕਿ ਫੈਸਲਾ ਛੇਤੀ ਸੁਣਾਇਆ ਜਾਵੇਗਾ ਕਿਉਂਕਿ ਚੋਣਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।”