#EUROPE

ਜੂਲੀਅਨ ਅਸਾਂਜ ਨੂੰ ਫੌਰੀ ਅਮਰੀਕਾ ਹਵਾਲੇ ਨਹੀਂ ਕੀਤਾ ਜਾ ਸਕਦਾ : Britain Court

ਲੰਡਨ, 27 ਮਾਰਚ (ਪੰਜਾਬ ਮੇਲ)- ਬਰਤਾਨੀਆ ਦੀ ਕੋਰਟ ਨੇ ਕਿਹਾ ਕਿ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਨੂੰ ਫੌਰੀ ਅਮਰੀਕਾ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਕੋਰਟ ਦੀਆਂ ਇਹ ਟਿੱਪਣੀਆਂ ਅਸਾਂਜ ਲਈ ਅੰਸ਼ਕ ਜਿੱਤ ਹੈ। ਹਾਈ ਕੋਰਟ ਦੇ ਦੋ ਜੱਜਾਂ ਨੇ ਕਿਹਾ ਕਿ ਜਦੋਂ ਤੱਕ ਅਮਰੀਕੀ ਅਥਾਰਿਟੀਜ਼ ਇਹ ਭਰੋਸਾ ਨਹੀਂ ਦਿਵਾਉਂਦੀਆਂ ਕਿ ਅਸਾਂਜ ਦਾ ਕੀ ਹੋਵੇਗਾ, ਉਹ ਵਿਕੀਲੀਕਸ ਦੇ ਬਾਨੀ ਨੂੰ ਆਪਣੀ ਹਵਾਲਗੀ ਖਿਲਾਫ਼ ਨਵੀਂ ਅਪੀਲ ਦਾਖ਼ਲ ਕਰਨ ਦੀ ਖੁੱਲ੍ਹ ਦੇ ਸਕਦੇ ਹਨ। ਕੋਰਟ ਦੇ ਫੈਸਲੇ ਤੋਂ ਇਹ ਤਾਂ ਸਾਫ਼ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਕਾਨੂੰਨ ਲੜਾਈ ਜਾਰੀ ਰਹੇਗੀ। ਕੇਸ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ। ਜੱਜ ਵਿਕਟੋਰੀਆ ਸ਼ਾਰਪ ਤੇ ਜੱਜ ਜੈਰੇਮੀ ਜੌਹਨਸਨ ਨੇ ਕਿਹਾ ਕਿ ਅਮਰੀਕਾ ਵੱਲੋਂ ਜੇਕਰ ਕੋਈ ਭਰੋਸਾ ਨਾ ਦਿੱਤਾ ਗਿਆ, ਤਾਂ ਉਹ ਅਸਾਂਜ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਤੇ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਖ਼ਦਸ਼ਿਆਂ ਦੇ ਆਧਾਰ ‘ਤੇ ਹਵਾਲਗੀ ਨੂੰ ਚੁਣੌਤੀ ਦੇਣ ਲਈ ਨਵੀਂ ਅਰਜ਼ੀ ਦਾਖ਼ਲ ਕਰਨ ਦੀ ਪ੍ਰਵਾਨਗੀ ਦੇ ਦੇਣਗੇ।