#CANADA

ਜੀ-7 ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਨੇ ਟਰੂਡੋ ਨਾਲ ਕੀਤੀ ਮੁਲਾਕਾਤ

-ਭਾਰਤ ਨਾਲ ਕਈ ਵੱਡੇ ਮੁੱਦਿਆਂ ‘ਤੇ ਤਾਲਮੇਲ : ਟਰੂਡੋ
ਔਟਵਾ, 19 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਟਲੀ ਵਿਚ ਹੋਏ ਜੀ-7 ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਭਾਰਤ ਨਾਲ ਕਈ ਵੱਡੇ ਮੁੱਦਿਆਂ ‘ਤੇ ਤਾਲਮੇਲ ਹੈ ਅਤੇ ਉਹ ਨਵੀਂ ਭਾਰਤ ਸਰਕਾਰ ਨਾਲ ਆਰਥਿਕ ਸਬੰਧਾਂ ਅਤੇ ਰਾਸ਼ਟਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨ ਦਾ ਮੌਕਾ ਦੇਖਦੇ ਹਨ।
ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਟਰੂਡੋ ਨਾਲ ਹੱਥ ਮਿਲਾਉਂਦੇ ਹੋਏ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ‘ਚ ਇਕ ਲਾਈਨ ‘ਚ ਕਿਹਾ ਗਿਆ ਸੀ ਕਿ ਉਹ ਜੀ-7 ਸੰਮੇਲਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲੇ ਸਨ।
ਪਿਛਲੇ ਸਾਲ ਸਤੰਬਰ ਵਿਚ ਟਰੂਡੋ ਵੱਲੋਂ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਖਾਲਿਸਤਾਨੀ ਕੱਟੜਤਾ ਨੂੰ ਲੈ ਕੇ ਤਣਾਅਪੂਰਨ ਕੂਟਨੀਤਕ ਸਬੰਧਾਂ ਦਰਮਿਆਨ ਦੱਖਣੀ ਇਟਲੀ ਦੇ ਅਪੁਲੀਆ ਵਿਚ ਇਹ ਪਹਿਲੀ ਮੀਟਿੰਗ ਸੀ। ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਨੇ ਭਾਰਤ ‘ਤੇ ਸਵਾਲ ਚੁੱਕੇ ਸਨ।
ਮੰਗਲਵਾਰ ਨੂੰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਨਿੱਝਰ ਦੇ ਕਤਲ ਦੀ ਕੈਨੇਡੀਅਨ ਜਾਂਚ ਵਿਚ ਭਾਰਤ ਤੋਂ ਸਹਿਯੋਗ ਵਿਚ ਸੁਧਾਰ ਦੇਖਿਆ ਹੈ, ਤਾਂ ਟਰੂਡੋ ਨੇ ਕਿਹਾ, ”ਬਹੁਤ ਸਾਰਾ ਕੰਮ ਚੱਲ ਰਿਹਾ ਹੈ।” ਪਿਛਲੇ ਸਾਲ, ਟਰੂਡੋ ਦੇ ਦੋਸ਼ਾਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੇਹੂਦਾ ਅਤੇ ਪ੍ਰੇਰਿਤ ਦੱਸਦਿਆਂ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਸੀ।