#INDIA

ਜੀ-7 ‘ਚ ਏ.ਆਈ., ਊਰਜਾ ਅਤੇ ਅਫ਼ਰੀਕਾ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ: ਮੋਦੀ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਜੀ-7 ਸਿਖਰ ਸੰਮੇਲਨ ਦੇ ਵਿਸ਼ੇਸ਼ ਇਜਲਾਸ ‘ਚ ਹਿੱਸਾ ਲੈਣ ਲਈ ਇਟਲੀ ਦੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੰਮੇਲਨ ‘ਚ ਮਸਨੂਈ ਬੌਧਿਕਤਾ (ਏ.ਆਈ.), ਊਰਜਾ, ਅਫ਼ਰੀਕਾ ਅਤੇ ਭੂ-ਮੱਧਸਾਗਰ ਖ਼ਿੱਤੇ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਆਪਣੇ ਪਹਿਲੇ ਵਿਦੇਸ਼ ਦੌਰੇ ਤਹਿਤ ਯੂਰਪੀਅਨ ਮੁਲਕ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ‘ਚ ਉਕਤ ਗੱਲਾਂ ਆਖੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਜਲਾਸ ‘ਚ ‘ਗਲੋਬਲ ਸਾਊਥ’ ਲਈ ਅਹਿਮ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਟਲੀ ਦੇ ਅਪੁਲੀਆ ਖ਼ਿੱਤੇ ਦੇ ਬੋਰਗੋ ਐਗਨਾਜ਼ੀਆ ਦੇ ਆਲੀਸ਼ਾਨ ਰਿਜ਼ੌਰਟ ‘ਚ 13 ਤੋਂ 15 ਜੂਨ ਤੱਕ ਹੋਣ ਵਾਲੇ ਜੀ-7 ਸਿਖਰ ਸੰਮੇਲਨ ‘ਚ ਯੂਕਰੇਨ ਅਤੇ ਗਾਜ਼ਾ ‘ਚ ਜੰਗ ਦੇ ਮੁੱਦੇ ਛਾਏ ਰਹਿਣ ਦੀ ਉਮੀਦ ਹੈ। ਮੋਦੀ ਨੇ ਕਿਹਾ, ”ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਦੇ ਸੱਦੇ ‘ਤੇ ਮੈਂ 14 ਜੂਨ ਨੂੰ ਜੀ-7 ਆਊਟਰੀਚ ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਦੇ ਅਪੁਲੀਆ ਖ਼ਿੱਤੇ ਦੀ ਯਾਤਰਾ ਕਰ ਰਿਹਾ ਹਾਂ। ਮੈਨੂੰ ਖੁਸ਼ੀ ਹੈ ਕਿ ਲਗਾਤਾਰ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਮੇਰੀ ਪਹਿਲੀ ਯਾਤਰਾ ਜੀ-7 ਸਿਖਰ ਸੰਮੇਲਨ ਲਈ ਇਟਲੀ ਦੀ ਹੈ।” ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਪ੍ਰਧਾਨਗੀ ਹੇਠ ਹੋਏ ਜੀ-20 ਸਿਖਰ ਸੰਮੇਲਨ ਅਤੇ ਜੀ-7 ਸਿਖਰ ਸੰਮੇਲਨ ਦੇ ਨਤੀਜਿਆਂ ਵਿਚਕਾਰ ਵਧੇਰੇ ਤਾਲਮੇਲ ਕਾਇਮ ਕਰਨ ਅਤੇ ਆਲਮੀ ਦੱਖਣ ਲਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਹੋਵੇਗਾ। ਮੋਦੀ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨਾਲ ਦੁਵੱਲੀ ਮੀਟਿੰਗ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਮੈਲੋਨੀ ਦੇ ਭਾਰਤ ਦੌਰਿਆਂ ਨੇ ਦੁਵੱਲੇ ਏਜੰਡੇ ਨੂੰ ਰਫ਼ਤਾਰ ਅਤੇ ਮਜ਼ਬੂਤੀ ਦੇਣ ‘ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, ”ਅਸੀਂ ਭਾਰਤ-ਇਟਲੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਤੇ ਭੂ-ਮੱਧਸਾਗਰ ਦੇ ਖ਼ਿੱਤਿਆਂ ‘ਚ ਸਹਿਯੋਗ ਵਧਾਉਣ ਲਈ ਵਚਨਬੱਧ ਹਾਂ।” ਪ੍ਰਧਾਨ ਮੰਤਰੀ ਕਈ ਹੋਰ ਆਗੂਆਂ ਨਾਲ ਵੀ ਮੀਟਿੰਗਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਖਰ ਸੰਮੇਲਨ ‘ਚ ਹਿੱਸਾ ਲੈਣ ਵਾਲੇ ਹੋਰ ਆਗੂਆਂ ਨਾਲ ਮਿਲਣ ਦੀ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ।