ਪੰਜਾਬੀ ਧਰਤੀ ਨਾਲੋਂ ਟੁੱਟ ਚੁੱਕੇ ਹਨ ਅਤੇ ਹਵਾ ‘ਚ ਉੱਡੇ ਫਿਰਦੇ ਹਨ – ਡਾ. ਪਿਆਰੇ ਲਾਲ ਗਰਗ
ਸਰੀ, 22 ਮਈ (ਹਰਦਮ ਮਾਨ/ਪੰਜਾਬ ਮੇਲ)- “ਪਿਛਲੇ 40 ਸਾਲਾਂ ਦੌਰਾਨ ਪੰਜਾਬ ਵਿਚਲਾ ਅਰਥਚਾਰਾ ਚਰਮਰਾ ਗਿਆ ਹੈ, ਭਾਈਚਾਰਾ ਤੇ ਆਪਸੀ ਸਾਂਝੀ ਟੁੱਟ ਚੁੱਕੇ ਹਨ, ਮਾਤਾ ਭੂਮੀ ਤੇ ਮਾਤ ਭਾਸ਼ਾ ਨਾਲੋਂ ਮੋਹ ਭੰਗ ਹੋ ਗਿਆ ਹੈ। ਪੰਜਾਬੀ ਧਰਤੀ ਨਾਲੋਂ ਟੁੱਟ ਗਏ ਹਨ। ਰੁੱਖਾਂ ਨਾਲੋਂ ਭਾਰੇ ਜ਼ਰੂਰ ਹਨ ਪਰ ਹਾਲਤ ਇਹ ਹੈ ਕਿ ਹਵਾ ‘ਚ ਉੱਡੇ ਫਿਰਦੇ ਹਨ, ਜਿੱਧਰੋਂ ਹਵਾ ਦਾ ਬੁੱਲਾ ਆਉਂਦਾ ਹੈ ਓਧਰ ਚਲੇ ਜਾਂਦੇ ਹਾਂ। ਏਹੀ ਵਜ੍ਹਾ ਹੈ ਕਿ ਅੱਜ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਹੋਰ ਮੁਲਕਾਂ ਵੱਲ ਦੌੜ ਲੱਗੀ ਹੋਈ ਹੈ”। ਇਹ ਵਿਚਾਰ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ‘ਜੀਵੇ ਪੰਜਾਬ ਅਦਬੀ ਸੰਗਤ’ ਵੱਲੋਂ ‘ਸਾਊਥ ਏਸ਼ੀਅਨ ਰੀਵੀਊ ਕੈਨੇਡਾ’ ਦੇ ਸਹਿਯੋਗ ਨਾਲ ‘ਪੰਜਾਬ ਦੀ ਦਸ਼ਾ ਤੇ ਦਿਸ਼ਾ’ ਉੱਪਰ ਕਰਵਾਈ ਗਈ ਸੰਵਾਦ ਚਰਚਾ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸ ਆਨ ਲਾਈਨ ਚਰਚਾ ਦਾ ਸੰਚਾਲਨ ਨਵਰੂਪ ਸਿੰਘ (ਕੈਨੇਡਾ) ਨੇ ਕੀਤਾ। ਉਨ੍ਹਾਂ ਪੰਜਾਬ ਦੇ ਇਤਿਹਾਸ ਅਤੇ ਗੌਰਵ ਦੀ ਗੱਲ ਕਰਦਿਆਂ ਅਜੋਕੇ ਪੰਜਾਬ ਦੇ ਸੰਦਰਭ ਵਿਚ ਆਪਣੇ ਵਿਚਾਰ ਪੇਸ਼ ਕਰਨ ਲਈ ਮੁੱਖ ਬੁਲਾਰੇ ਡਾ. ਪਿਆਰੇ ਲਾਲ ਗਰਗ ਨੂੰ ਸੱਦਾ ਦਿੱਤਾ।
ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸਦੀਵੀ ਵਿਕਾਸ ਦਰਸ਼ਨ (ਫਿਲਾਸਫੀ) ਤੋਂ ਬਿਨਾਂ ਨਹੀਂ ਹੁੰਦਾ ਪਰ ਪੰਜਾਬ ਦੀ ਹਾਲਤ ਇਹ ਹੈ ਕਿ ਦਰਸ਼ਨ ਦੇ ਮੁੱਖ ਸੋਮੇ ਕੁਰਾਹੇ ਪੈ ਗਏ ਹਨ ਅਤੇ ਦਰਸ਼ਨ ਨੂੰ ਮੂਲੋਂ ਹੀ ਵਿਸਾਰ ਚੁੱਕੇ ਹਨ। ਧਾਰਮਿਕ ਅਦਾਰੇ ਕਰਮਕਾਂਡ ਦੇ ਚੱਕਰਾਂ ਵਿਚ ਪੈ ਗਏ ਹਨ ਅਤੇ ਸਿੱਖਿਆ ਸੰਸਥਾਵਾਂ ਪੈਸੇ ਇਕੱਠੇ ਕਰਨ ਦੇ ਰਾਹ ਪੈ ਗਈਆਂ ਹਨ। ਅੱਜ ਯੂਨੀਵਰਸਿਟੀਆਂ ਦੇ ਵਿਦਵਾਨਾਂ ਵਿਚ ਹੰਕਾਰ ਪੈਦਾ ਹੋ ਗਿਆ ਪਰ ਦਰਸ਼ਨ ਦੇ ਊੜੇ ਆੜੇ ਦੀ ਵੀ ਗੱਲ ਨਹੀਂ ਹੋ ਰਹੀ। ਦਰਸ਼ਨ ਦਾ ਤੀਜਾ ਸੋਮਾ ਸਮਾਜ ਅੱਜ ਪੂਰੀ ਤਰਾਂ ਟੁੱਟ ਚੁੱਕਿਆ ਹੈ, ਪਰਿਵਾਰ ਟੁੱਟ ਗਏ ਹਨ, ਹੁਣ ਤਾਂ ਇਕਹਿਰੇ ਪਰਿਵਾਰ ਵੀ ਟੁੱਟ ਗਏ ਹਨ। ਪੂਰੇ ਸਮਾਜ ਵਿਚ ਖਲਬਲੀ ਜ਼ਿਆਦਾ ਹੈ।
ਡਾ. ਗਰਗ ਨੇ ਕਿਹਾ ਕਿ ਦਰਸ਼ਨ ਦੀ ਘਾਟ ਕਾਰਨ ਪੰਜਾਬ, ਪੰਜਾਬੀਅਤ, ਪੰਜਾਬੀ ਵਿਰਸਾ ਅਤੇ ਇਤਿਹਾਸ ਬਾਰੇ ਗਿਆਨ ਦਾ ਸੰਚਾਰ ਨਹੀਂ ਹੋ ਰਿਹਾ ਅਤੇ ਅਸੀਂ ਸਾਰੇ ਪਾਸਿਓਂ ਹੀਣੇ ਹੋ ਗਏ ਹਾਂ। ਦਰਸ਼ਨ ਤੇ ਇਤਿਹਾਸ ਨਾਲੋਂ ਟੁੱਟਣ ਕਰਕੇ ਅਸੀਂ ਸੰਤੁਲਨ ਗੁਆ ਚੁੱਕੇ ਹਾਂ, ਵਿਚਾਰਾਂ ਦੀ ਸਿਰਜਣਾ ਭੁੱਲ ਚੁੱਕੇ ਹਾਂ ਅਤੇ ਸਾਰੇ ਖੇਤਰਾਂ ਵਿਚ ਨਕਲਚੀ ਬਣਦੇ ਜਾ ਰਹੇ ਹਾਂ। ਅਸੀਂ ਭੁੱਲ ਚੁੱਕੇ ਹਾਂ ਕਿ ਪੰਜਾਬ ਦੀ ਇਸ ਧਰਤੀ ਉੱਪਰ ਰਿਗਵੇਦ, ਰਾਮਾਇਣ, ਮਹਾਂਭਾਰਤ, ਗੁਰੂ ਗਰੰਥ ਸਾਹਿਬ ਰਚੇ ਗਏ ਹਨ, ਜੱਲਿਆਂਵਾਲਾ ਬਾਗ ਜਿਹੇ ਕਾਂਡ ਵਾਪਰੇ, ਮਨੁੱਖਤਾ ਲਈ ਬੰਦ ਬੰਦ ਕਟਵਾਏ ਗਏ, ਦੇਸ਼ ਭਗਤਾਂ ਨੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ, ਕਾਮਾਗਾਟਾਮਾਰੂ ਦੇ ਮਹਾਨ ਗ਼ਦਰੀ ਬਾਬੇ ਪੈਦਾ ਹੋਏ।
ਵਿਚਾਰ ਚਰਚਾ ਦੌਰਾਨ ਭੁਪਿੰਦਰ ਮੱਲ੍ਹੀ, ਡਾ. ਜਗਜੀਤ ਸਿੰਘ, ਡਾ. ਸੁਖਵਿੰਦਰ ਵਿਰਕ, ਮੋਤਾ ਸਿੰਘ ਝੀਤਾ, ਨੁਸਰਤ ਰਾਣਾ ਅਤੇ ਰਾਜਿੰਦਰ ਸ਼ਰਮਾ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਿਚ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸੰਭਾਵਨਾਵਾਂ ਕਦੇ ਖਤਮ ਨਹੀਂ ਹੁੰਦੀਆਂ। ਉਮੀਦ ਹੀ ਆਦਮੀ ਨੂੰ ਜ਼ਿੰਦਾ ਰੱਖਦੀ ਹੈ, ਸਬਰ, ਸੰਤੋਖ ਤੇ ਸਿਰੜ ਪੈਦਾ ਕਰਦੀ ਹੈ। ਇਸ ਲਈ ਪੰਜਾਬੀਆਂ ਨੂੰ ਆਸਵੰਦ ਹੋਣਾ ਚਾਹੀਦਾ ਹੈ। ਸਾਡੇ ਸਾਹਮਣੇ ਖੁਸ਼-ਹੈਸਾਸੀ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ, ਕਿਸਾਨੀ ਅੰਦੋਲਨ ਵੱਡੀਆਂ ਮਿਸਾਲਾਂ ਹਨ ਕਿ ਲੋਕ ਏਕਤਾ ਦੇ ਅੱਗੇ ਕੋਈ ਵੀ ਤਾਕਤ ਅੜ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਤੰਤਰ ਓਹੀ ਹੈ। ਵਿਧਾਨ ਪਾਲਿਕਾ ਬਦਲਣ ਨਾਲ ਵੱਡੇ ਬਦਲਾਅ ਨਹੀਂ ਆਉਣਗੇ। ਪਰ ਅਸੀਂ ਵਿਧਾਨ ਪਾਲਿਕਾ ਨੂੰ ਹੀ ਸਭ ਕੁਝ ਸਮਝ ਲਿਆ ਹੈ ਜਦੋਂ ਕਿ ਵਿਧਾਨ ਪਾਲਿਕਾ ਤਾਂ ਲੋਕਤੰਤਰ ਦਾ ਇਕ ਅੰਗ ਹੈ। ਲੋਕਤੰਤਰ ਦੇ ਦੋ ਅੰਗ ਹੋਰ ਹਨ – ਕਾਰਜ ਪਾਲਿਕਾ ਤੇ ਨਿਆਂ ਪਾਲਿਕਾ, ਪਰ ਇਨ੍ਹਾਂ ਬਾਰੇ ਸਾਨੂੰ ਜਾਣਕਾਰੀ ਹੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਹਮੇਸ਼ਾ ਸਿਰਜਿਆ ਜਾਂਦਾ ਹੈ ਅਤੇ ਲੋਕ ਹੀ ਇਤਿਹਾਸ ਸਿਰਜਦੇ ਹਨ, ਰਾਜੇ ਤਾਂ ਸਿਰਫ ਨਾਇਕ ਹੁੰਦੇ ਹਨ।
ਇਸ ਵਿਚਾਰ ਚਰਚਾ ਵਿਚ ਭਾਰਤ, ਪਾਕਿਸਤਾਨ ਅਤੇ ਕੈਨੇਡਾ ਤੋਂ ਆਸਿਫ ਰਜ਼ਾ, ਅੱਬਾਸ ਸਦੀਕੀ, ਡਾ. ਸਈਅਦ ਮੁਹੰਮਦ ਫਰੀਦ, ਵੱਕਾਰ ਸਿਪਰਾ, ਦੇਸ ਰਾਜ ਛਾਜੀ, ਰਾਜਿੰਦਰ ਸਿੰਘ ਗਿੱਲ, ਡਾ. ਭੀਮਇੰਦਰ ਸਿੰਘ, ਹਰਜਿੰਦਰ ਸਿੰਘ, ਹਰਦਮ ਸਿੰਘ ਮਾਨ, ਰਾਕੇਸ਼, ਨਿਰਲੇਪ ਅਤੇ ਹਰਦਿਆਲ ਸਿੰਘ ਸ਼ਾਮਲ ਹੋਏ। ਅੰਤ ਵਿਚ ਸੁੱਚਾ ਸਿੰਘ ਨੇ ਡਾ. ਪਿਆਰੇ ਲਾਲ ਗਰਗ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।