ਵਿਲਿੰਗਟਨ, 5 ਫਰਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਅਤੇ ਸਾਬਕਾ ਫਸਟ ਲੇਡੀ ਜਿਲ ਬਾਇਡਨ ਦੇ ਸਾਬਕਾ ਪਤੀ ਵਿਲੀਅਮ ਸਟੀਵਨਸਨ (77) ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਲੀਅਮ ‘ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਧਿਕਾਰੀਆਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ, ਇਹ ਘਟਨਾ ਦਸੰਬਰ ਦੇ ਅਖੀਰ ਵਿਚ ਡੇਲਾਵੇਅਰ ਸਥਿਤ ਸਟੀਵਨਸਨ ਦੇ ਘਰ ਵਿਚ ਵਾਪਰੀ। ਇਲਜ਼ਾਮ ਹੈ ਕਿ 28 ਦਸੰਬਰ ਦੀ ਰਾਤ ਨੂੰ ਇੱਕ ਘਰੇਲੂ ਵਿਵਾਦ ਦੌਰਾਨ ਵਿਲੀਅਮ ਨੇ ਆਪਣੀ 64 ਸਾਲਾ ਪਤਨੀ ਲਿੰਡਾ ਸਟੀਵਨਸਨ ਦਾ ਕਤਲ ਕਰ ਦਿੱਤਾ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ, ਤਾਂ ਲਿੰਡਾ ਬੈਠਕ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਲੀਅਮ ਸਟੀਵਨਸਨ ਅਤੇ ਜਿਲ ਬਾਇਡਨ ਦਾ ਵਿਆਹ 1970 ਤੋਂ 1975 ਤੱਕ ਚੱਲਿਆ ਸੀ। ਡੇਲਾਵੇਅਰ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਲੀਅਮ ਜਿਲ ਬਾਇਡਨ ਦਾ ਪਹਿਲਾ ਪਤੀ ਹੈ। ਇਸ ਮਾਮਲੇ ‘ਤੇ ਜਦੋਂ ਜਿਲ ਬਾਇਡਨ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਕਤਲ ਦੇ ਇਲਜ਼ਾਮਾਂ ਵਿਚ ਗ੍ਰਿਫਤਾਰ ਕੀਤੇ ਗਏ ਵਿਲੀਅਮ ਸਟੀਵਨਸਨ ‘ਤੇ ਅਦਾਲਤ ਨੇ 5 ਲੱਖ ਅਮਰੀਕੀ ਡਾਲਰ (ਲਗਭਗ 4 ਕਰੋੜ ਰੁਪਏ ਤੋਂ ਵੱਧ) ਦੀ ਜ਼ਮਾਨਤ ਰਾਸ਼ੀ ਤੈਅ ਕੀਤੀ ਸੀ। ਇਹ ਰਕਮ ਜਮ੍ਹਾ ਨਾ ਕਰਵਾ ਸਕਣ ਕਾਰਨ ਉਹ ਫਿਲਹਾਲ ਜੇਲ੍ਹ ਵਿਚ ਹੀ ਬੰਦ ਹੈ।
ਮ੍ਰਿਤਕਾ ਲਿੰਡਾ ਸਟੀਵਨਸਨ ਦੇ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਸ਼ੋਕ ਸੰਦੇਸ਼ ਵਿਚ ਉਸ ਨੂੰ ਇੱਕ ਸਫਲ ਵਪਾਰੀ ਅਤੇ ਪਰਿਵਾਰ ਨੂੰ ਪਿਆਰ ਕਰਨ ਵਾਲੀ ਮਾਂ ਤੇ ਦਾਦੀ ਦੱਸਿਆ ਗਿਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸੰਦੇਸ਼ ਵਿਚ ਉਸ ਦੇ ਪਤੀ ਵਿਲੀਅਮ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਿਲੀਅਮ ਤੋਂ ਵੱਖ ਹੋਣ ਤੋਂ ਬਾਅਦ ਜਿਲ ਬਾਇਡਨ ਨੇ 1977 ਵਿਚ ਜੋਅ ਬਾਇਡਨ ਨਾਲ ਵਿਆਹ ਕਰ ਲਿਆ ਸੀ, ਜੋ ਕਿ 2021 ਤੋਂ 2025 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ।
ਜਿਲ ਬਾਇਡਨ ਦੇ ਸਾਬਕਾ ਪਤੀ ‘ਤੇ ਲੱਗਾ ਪਤਨੀ ਦੇ ਕਤਲ ਦਾ ਗੰਭੀਰ ਇਲਜ਼ਾਮ

